Panchkula ’ਚ ਸਾਬਕਾ ਲੈਫਟੀਨੈਂਟ ਜਨਰਲ ਕੁਲਵੰਤ ਸਿੰਘ ਮਾਨ ਦੀ ਹਾਦਸੇ ਦੌਰਾਨ ਹੋਈ ਮੌਤ
ਸੈਰ ਕਰਦੇ ਸਮੇਂ ਆਟੋ ਨੇ ਪਿੱਛੋ ਮਾਰੀ ਸੀ ਟੱਕਰ, ਇਲਾਜ ਦੌਰਾਨ ਤੋੜਿਆ ਦਮ
ਪੰਚਕੂਲਾ : ਹਰਿਆਣਾ ਦੇ ਪੰਚਕੂਲਾ ਵਿੱਚ ਭਾਰਤੀ ਫੌਜ ਦੇ ਰਿਟਾਇਰਡ ਲੈਫਟੀਨੈਂਟ ਜਨਰਲ ਕੁਲਵੰਤ ਸਿੰਘ ਮਾਨ ਨੂੰ ਆਟੋ ਨੇ ਕੁਚਲ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਾਬਕਾ ਲੈਫਟੀਨੈਂਟ ਜਨਰਲ ਕੁਲਵੰਤ ਸਿੰਘ ਮਾਨ ਦੀ ਮ੍ਰਿਤਕ ਦੇਹ ਸੈਕਟਰ-6 ਹਸਪਤਾਲ ਵਿੱਚ ਰੱਖਿਆ ਗਿਆ ਹੈ।
ਪੰਚਕੂਲਾ ਮਨਸਾ ਦੇਵੀ ਸੈਕਟਰ-4 ਦੇ ਨਿਵਾਸੀ ਕੁਲਵੰਤ ਸਿੰਘ ਮਾਨ 9 ਜਨਵਰੀ ਦੀ ਸ਼ਾਮ ਨੂੰ ਸਾਢੇ 5 ਵਜੇ ਸੈਰ ਲਈ ਨਿਕਲੇ ਸਨ। ਉਨ੍ਹਾਂ ਨੂੰ ਡੌਲਫਿਨ ਚੌਕ ਦੇ ਨੇੜੇ ਆਟੋ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਕਾਰਨ ਉਹ ਬੇਹੋਸ਼ ਹੋ ਗਏ ਅਤੇ ਉਨ੍ਹਾਂ ਦੇ ਸਿਰ ਅਤੇ ਪੇਟ ਤੋਂ ਖੂਨ ਵਹਿ ਰਿਹਾ ਸੀ। ਉਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਪੰਚਕੂਲਾ ਦੇ ਕਮਾਂਡ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ 10 ਜਨਵਰੀ ਨੂੰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਡਾਕਟਰਾਂ ਅਨੁਸਾਰ ਸਾਬਕਾ ਲੈਫਟੀਨੈਂਟ ਜਨਰਲ ਕੁਲਵੰਤ ਸਿੰਘ ਮਾਨ ਨੂੰ ਤਿੰਨ ਥਾਵਾਂ 'ਤੇ ਚੋਟ ਲੱਗੀ ਸੀ। ਬ੍ਰੇਨ 'ਤੇ ਚੋਟ ਲੱਗਣ ਕਾਰਨ ਆਕਸੀਜਨ ਸਪਲਾਈ ਬੰਦ ਹੋ ਗਈ, ਜੋ ਉਨ੍ਹਾਂ ਦੀ ਮੌਤ ਦੀ ਵਜ੍ਹਾ ਬਣੀ। ਹਾਦਸੇ ਕਾਰਨ ਉਨ੍ਹਾਂ ਦੇ ਸਿਰ ਤੋਂ ਬਹੁਤ ਜ਼ਿਆਦਾ ਖੂਨ ਵੀ ਵਹਿ ਰਿਹਾ ਸੀ। ਕਰਨਲ ਕੁਲਵੰਤ ਸਿੰਘ ਮਾਨ ਦੀ ਪਤਨੀ ਸੁਖਜੀਵਨ ਕੌਰ ਤੋਂ ਇਲਾਵਾ ਪਰਿਵਾਰ ਵਿੱਚ ਦੋ ਬੇਟੇ ਹਨ। ਉਨ੍ਹਾਂ ਵਿੱਚੋਂ ਇੱਕ ਬੇਟਾ ਹਰਪ੍ਰੀਤ ਮਾਨ ਫੌਜ ਵਿੱਚ ਕਰਨਲ ਰਹਿ ਚੁੱਕੇ ਹਨ। ਜਦਕਿ ਦੂਜਾ ਬੇਟਾ ਜਸਪ੍ਰੀਤ ਮਾਨ ਕੈਨੇਡਾ ਪੁਲਿਸ ਵਿੱਚ ਅਫਸਰ ਹਨ। ਉਨ੍ਹਾਂ ਦੇ ਘਰ ਵਾਪਸ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਸਪ੍ਰੀਤ ਦੇ 12 ਜਨਵਰੀ ਨੂੰ ਪੰਚਕੂਲਾ ਪਹੁੰਚਣ ਦੀ ਉਮੀਦ ਹੈ, ਉਸ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।