ਹਰਿਆਣਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਛੋਕਰ ਦੇ ਘਰ ਪੁੱਜੀ ਈ.ਡੀ.

ਏਜੰਸੀ

ਖ਼ਬਰਾਂ, ਹਰਿਆਣਾ

ਹਾਈ ਕੋਰਟ ਨੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਦਿਤੇ ਸਨ ਗ੍ਰਿਫਤਾਰੀ ਦੇ ਹੁਕਮ 

Enforcement Directorate

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ਼ੁਕਰਵਾਰ ਸ਼ਾਮ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਨੇ ਸਮਾਲਖਾ ਤੋਂ ਸਾਬਕਾ ਵਿਧਾਇਕ ਅਤੇ ਭੁਪਿੰਦਰ ਸਿੰਘ ਹੁੱਡਾ ਦੇ ਕਰੀਬੀ ਧਰਮ ਸਿੰਘ ਛੋਕਰ ਦੇ ਘਰ ਛਾਪਾ ਮਾਰਿਆ। ਈ.ਡੀ. ਦੀ ਟੀਮ 4 ਗੱਡੀਆਂ ’ਚ ਛੋਕਰ ਦੇ ਘਰ ਪਹੁੰਚੀ ਹੈ। 

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਧਰਮ ਸਿੰਘ ਛੋਕਰ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਸਨ। ਅਦਾਲਤ ਨੇ ਚਿਤਾਵਨੀ ਦਿਤੀ ਸੀ ਕਿ ਜਾਂ ਤਾਂ ਧਰਮ ਸਿੰਘ ਆਤਮਸਮਰਪਣ ਕਰ ਦੇਵੇ, ਨਹੀਂ ਤਾਂ ਪੁਲਿਸ ਗ੍ਰਿਫਤਾਰ ਕਰ ਲਵੇਗੀ। ਇਸ ਤੋਂ ਬਾਅਦ ਧਰਮ ਸਿੰਘ ਨੇ ਨਾ ਤਾਂ ਆਤਮ ਸਮਰਪਣ ਕੀਤਾ ਅਤੇ ਨਾ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ। 

ਅਜੇ ਅਧਿਕਾਰਤ ਤੌਰ ’ਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਧਰਮ ਸਿੰਘ ਦੀ ਰਿਹਾਇਸ਼ ’ਤੇ ਈ.ਡੀ. ਦੀ ਛਾਪੇਮਾਰੀ ਗ੍ਰਿਫਤਾਰੀ ਜਾਂ ਜਾਂਚ ਨਾਲ ਸਬੰਧਤ ਹੈ ਜਾਂ ਨਹੀਂ। ਈ.ਡੀ. ਨੇ 14 ਮਹੀਨੇ ਪਹਿਲਾਂ ਮਾਮਲਾ ਦਰਜ ਕੀਤਾ ਸੀ 

ਕਰੀਬ 14 ਮਹੀਨੇ ਪਹਿਲਾਂ ਈ.ਡੀ. ਨੇ ਛੋਕਰ ਵਿਰੁਧ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਈ.ਡੀ. ਦੇ ਅਨੁਸਾਰ, ਛੋਕਰ ਨਾਲ ਜੁੜੇ ਮਨੀ ਲਾਂਡਰਿੰਗ ਵਿਵਾਦ ਦੀ ਸ਼ੁਰੂਆਤ ਗੁਰੂਗ੍ਰਾਮ ਪੁਲਿਸ ਵਲੋਂ ਐਫ.ਆਈ.ਆਰ. ਦਰਜ ਕੀਤੇ ਜਾਣ ਤੋਂ ਬਾਅਦ ਹੋਈ ਸੀ। ਜਿਸ ’ਚ ਗੁਰੂਗ੍ਰਾਮ ਪੁਲਿਸ ਨੇ ਸਾਈ ਆਈਨਾ ਫਰਮਜ਼ ਪ੍ਰਾਈਵੇਟ ਲਿਮਟਿਡ ’ਤੇ ਧੋਖਾਧੜੀ ਦਾ ਦੋਸ਼ ਲਾਇਆ ਸੀ। 

ਇਸ ਮਾਮਲੇ ’ਚ ਕਿਹਾ ਗਿਆ ਸੀ ਕਿ ਇਸ ਫਰਮ ਨੇ ਮਕਾਨਾਂ ਦੇ ਬਦਲੇ 1,497 ਲੋਕਾਂ ਤੋਂ 360 ਕਰੋੜ ਰੁਪਏ ਲਏ ਸਨ। ਇਨ੍ਹਾਂ ਲੋਕਾਂ ਨੂੰ ਦਿੱਲੀ ਨੇੜੇ ਗੁਰੂਗ੍ਰਾਮ ਦੇ ਸੈਕਟਰ 68 ’ਚ ਮਕਾਨ ਬਣਾਉਣ ਦਾ ਭਰੋਸਾ ਦਿਤਾ ਗਿਆ ਸੀ। ਪਰ ਉਨ੍ਹਾਂ ਨੇ ਅਪਣਾ ਵਾਅਦਾ ਪੂਰਾ ਨਹੀਂ ਕੀਤਾ। ਇਸ ਮਾਮਲੇ ’ਚ 5 ਮਹੀਨੇ ਪਹਿਲਾਂ ਈ.ਡੀ. ਨੇ ਉਨ੍ਹਾਂ ਦੇ ਬੇਟੇ ਸਿਕੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਜੋ ਅਜੇ ਵੀ ਜੇਲ੍ਹ ’ਚ ਹੈ।