Haryana News: ਅੰਬਾਲਾ ’ਚ ਗੋਲਗੱਪੇ ਖਾਂਦੇ ਨਜ਼ਰ ਆਏ ਅਨਿਲ ਵਿਜ; ਨਾਰਾਜ਼ਗੀ ਨੂੰ ਲੈ ਕੇ ਮਨੋਹਰ ਲਾਲ ਖੱਟਰ ਨੇ ਦਿਤਾ ਬਿਆਨ
ਸਾਬਕਾ ਸੀਐਮ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਮੈਂ ਅਨਿਲ ਵਿਜ ਨੂੰ 1990 ਤੋਂ ਜਾਣਦਾ ਹਾਂ, ਉਨ੍ਹਾਂ ਦੀ ਨਾਰਾਜ਼ਗੀ ਜਲਦ ਦੂਰ ਹੋ ਜਾਵੇਗੀ।
Haryana News: ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਹਰਿਆਣਾ ਦੀ ਨਵੀਂ ਭਾਜਪਾ ਸਰਕਾਰ ਤੋਂ ਨਾਰਾਜ਼ ਹਨ। ਚਰਚਾ ਹੈ ਕਿ ਵਿਧਾਇਕ ਦਲ ਦੀ ਬੈਠਕ 'ਚ ਉਨ੍ਹਾਂ ਤੋਂ ਗ੍ਰਹਿ ਮੰਤਰਾਲਾ ਲੈਣ ਦੀ ਗੱਲ ਚੱਲੀ ਸੀ। ਇਸ ਤੋਂ ਇਲਾਵਾ ਖ਼ਬਰਾਂ ਹਨ ਕਿ 6 ਵਾਰ ਵਿਧਾਇਕ ਰਹਿ ਚੁੱਕੇ ਅਨਿਲ ਵਿਜ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸੈਣੀ ਨੂੰ ਬਣਾਉਣ 'ਤੇ ਵੀ ਸਹਿਮਤ ਨਹੀਂ ਹੋਏ।
ਇਹੀ ਕਾਰਨ ਸੀ ਕਿ ਉਹ ਚੰਡੀਗੜ੍ਹ ਵਿਚ ਮੁੱਖ ਮੰਤਰੀ ਅਤੇ 5 ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋਏ। ਇਥੇ ਖੱਟਰ ਸਰਕਾਰ ਦੇ ਕੈਬਨਿਟ ਮੰਤਰੀਆਂ ਜੇਪੀ ਦਲਾਲ, ਕੰਵਰਪਾਲ ਗੁਰਜਰ, ਮੂਲਚੰਦ ਸ਼ਰਮਾ, ਬਨਵਾਰੀ ਲਾਲ ਅਤੇ ਰਣਜੀਤ ਚੌਟਾਲਾ ਨੇ ਸਹੁੰ ਚੁੱਕੀ। ਮਨੋਹਰ ਲਾਲ ਖੱਟਰ ਨੇ ਮੀਡੀਆ ਨਾਲ ਗੱਲ ਕਰਦਿਆਂ ਦਸਿਆ ਕਿ ਅੱਜ ਮੰਤਰੀਆਂ ਦੀ ਸੂਚੀ ਵਿਚ ਅਨਿਲ ਵਿਜ ਦਾ ਨਾਂਅ ਵੀ ਸ਼ਾਮਲ ਸੀ।
ਅਨਿਲ ਵਿਜ ਦੀ ਨਾਰਾਜ਼ਗੀ ਨੂੰ ਲੈ ਕੇ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਅਨਿਲ ਵਿਜ ਦਾ ਨਾਮ ਅੱਜ ਮੰਤਰੀਆਂ ਦੀ ਸੂਚੀ ਵਿਚ ਸੀ। ਉਹ ਥੋੜ੍ਹੇ ਜਲਦੀ ਨਾਰਾਜ਼ ਹੋ ਜਾਂਦੇ ਹਨ ਪਰ ਛੇਤੀ ਠੀਕ ਵੀ ਹੋ ਜਾਂਦੇ ਹਨ। ਅੱਜ ਸਵੇਰੇ ਵੀ ਉਹ ਨਾਰਾਜ਼ ਹੋ ਕੇ ਚਲੇ ਗਏ, ਉਨ੍ਹਾਂ ਨਾਲ ਗੱਲਬਾਤ ਜਾਰੀ ਹੈ। ਸਾਬਕਾ ਸੀਐਮ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਮੈਂ ਅਨਿਲ ਵਿਜ ਨੂੰ 1990 ਤੋਂ ਜਾਣਦਾ ਹਾਂ, ਉਨ੍ਹਾਂ ਦੀ ਨਾਰਾਜ਼ਗੀ ਜਲਦ ਦੂਰ ਹੋ ਜਾਵੇਗੀ।
ਹਾਲਾਂਕਿ ਇਸ ਦੌਰਾ ਅਨਿਲ ਵਿਜ ਅੰਬਾਲਾ ਸਥਿਤ ਅਪਣੇ ਘਰ ਵਿਚ ਨਜ਼ਰ ਆਏ। ਇਸ ਤੋਂ ਬਾਅਦ ਉਹ ਗੋਲਗੱਪੇ ਖਾਣ ਲਈ ਬਾਜ਼ਾਰ ਵੀ ਗਏ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਨਾਰਾਜ਼ ਹਨ ਤਾਂ ਉਨ੍ਹਾਂ ਨੇ 'ਗੋਲਗੱਪੇ ਖਾਓ' ਕਹਿ ਕੇ ਗੱਲ ਟਾਲ ਦਿਤੀ। ਇਸ ਤੋਂ ਇਲਾਵਾ ਵਿਜ ਨੇ ਅਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਨੂੰ ਅਪਡੇਟ ਕਰਦੇ ਹੋਏ ਬਾਇਓ ਵਿਚ 'ਹਰਿਆਣਾ ਦੇ ਸਾਬਕਾ ਗ੍ਰਹਿ ਅਤੇ ਸਿਹਤ ਮੰਤਰੀ' ਲਿਖਿਆ ਹੈ।
ਦਰਅਸਲ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਅਤੇ ਮੰਤਰੀ ਮੰਡਲ ਦੇ ਅਸਤੀਫ਼ੇ ਤੋਂ ਬਾਅਦ ਚੰਡੀਗੜ੍ਹ ਵਿਚ ਵਿਧਾਇਕ ਦਲ ਦੀ ਮੀਟਿੰਗ ਹੋਈ। ਜਿਸ 'ਚ ਅਨਿਲ ਵਿਜ ਗੁੱਸੇ 'ਚ ਨਜ਼ਰ ਆਏ। ਉਹ ਮੀਟਿੰਗ ਅੱਧ ਵਿਚਾਲੇ ਛੱਡ ਕੇ ਚਲੇ ਗਏ। ਇਸ ਤੋਂ ਪਹਿਲਾਂ ਸਵੇਰੇ 11 ਵਜੇ ਦੇ ਕਰੀਬ ਜਦੋਂ ਮਨੋਹਰ ਲਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਰਾਜ ਭਵਨ ਜਾ ਰਹੇ ਸਨ ਤਾਂ ਵਿਜ ਉਨ੍ਹਾਂ ਨਾਲ ਕਾਰ 'ਚ ਸਵਾਰ ਸਨ। ਅਜਿਹੇ 'ਚ ਚਰਚਾ ਸ਼ੁਰੂ ਹੋ ਗਈ ਕਿ ਉਹ ਵੀ ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਹਨ।
(For more Punjabi news apart from manohar lal khattar statement on Anil Vij Haryana News, stay tuned to Rozana Spokesman)