Ambala News : ਅੰਬਾਲਾ ’ਚ ਹੋਈ ਗੋਲੀਬਾਰੀ, ਇਕ ਜ਼ਖ਼ਮੀ
Ambala News : ਦੋ ਨਕਾਬਪੋਸ਼ ਬਦਮਾਸ਼ਾਂ ਨੇ ਦੁਕਾਨ ’ਚ ਆ ਕੇ ਚਲਾਈਆਂ ਸੀ ਗੋਲੀਆਂ
Firing in Ambala, one injured Latest News in Punjabi : ਅੰਬਾਲਾ, ਜੋ ਹਮੇਸ਼ਾ ਸ਼ਾਂਤ ਰਿਹਾ ਹੈ, ਇਨ੍ਹੀਂ ਦਿਨੀਂ ਅਸ਼ਾਂਤ ਹੁੰਦਾ ਜਾ ਰਿਹਾ ਹੈ। ਇਥੇ ਹਰ ਰੋਜ਼ ਗੋਲੀਬਾਰੀ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀ ਦੇਰ ਸ਼ਾਮ ਅੰਬਾਲਾ ਵਿਚ ਗੋਲੀਬਾਰੀ ਦੀ ਇਕ ਘਟਨਾ ਸਾਹਮਣੇ ਆਈ ਹੈ। ਦੋਸ਼ ਹੈ ਕਿ ਨਕਾਬਪੋਸ਼ ਬਦਮਾਸ਼ਾਂ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਦਿਤੀ। ਜਿਸ ਵਿਚ ਗੋਲੀ ਵਿਅਕਤੀ ਦੀ ਲੱਤ ਵਿੱਚ ਲੱਗੀ।
ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਜ਼ਖ਼ਮੀ ਨੂੰ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਪਹੁੰਚਾਇਆ। ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਵਿਅਕਤੀ ਦਾ ਬਿਆਨ ਦਰਜ ਕੀਤਾ ਤੇ ਜਾਂਚ ਸ਼ੁਰੂ ਕੀਤੀ।
ਜਾਣਕਾਰੀ ਅਨੁਸਾਰ ਅੰਬਾਲਾ ਦੇ ਸੈਕਟਰ-9 ਪੁਲਿਸ ਸਟੇਸ਼ਨ ਦੇ ਸਬ ਇੰਸਪੈਕਟਰ ਅਮਰ ਸਿੰਘ ਨੇ ਦਸਿਆ ਕਿ ਨਵਨੀਤ ਨਾਮ ਦਾ ਇਕ ਵਿਅਕਤੀ ਲਕਸ਼ਮੀ ਨਗਰ ਇਲਾਕੇ ਵਿਚ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਹੈ। ਉਹ ਅਪਣੀ ਦੁਕਾਨ 'ਤੇ ਬੈਠਾ ਸੀ। ਇਸ ਦੌਰਾਨ ਦੋ ਨਕਾਬਪੋਸ਼ ਬਦਮਾਸ਼ ਆਏ ਅਤੇ ਨਵਨੀਤ 'ਤੇ ਗੋਲੀਆਂ ਚਲਾ ਦਿਤੀਆਂ। ਗੋਲੀਬਾਰੀ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ।
ਆਸ-ਪਾਸ ਦੇ ਲੋਕਾਂ ਨੇ ਮਿਲ ਕੇ ਜ਼ਖ਼ਮੀ ਨਵਨੀਤ ਨੂੰ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋ ਖੋਲ ਬਰਾਮਦ ਕੀਤੇ।
ਜ਼ਿਕਰਯੋਗ ਹੈ ਕਿ ਹਸਪਤਾਲ ਵਿਚ ਭਰਤੀ ਹੋਣ ਦੇ 3 ਘੰਟੇ ਬਾਅਦ ਵੀ ਜ਼ਖ਼ਮੀ ਨਵਨੀਤ ਦੀ ਲੱਤ ਵਿਚੋਂ ਗੋਲੀ ਨਹੀਂ ਕੱਢੀ ਜਾ ਸਕੀ। ਜ਼ਖ਼ਮੀ ਵਿਅਕਤੀ ਦੇ ਪਰਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਦੋਸ਼ ਲਗਾਇਆ ਕਿ ਉਹ ਪਿਛਲੇ ਤਿੰਨ ਘੰਟਿਆਂ ਤੋਂ ਬੱਸ ਇੱਧਰ-ਉੱਧਰ ਘੁੰਮਾ ਰਹੇ ਹਨ ਪਰ ਲੱਤ ਤੋਂ ਗੋਲੀ ਨਹੀਂ ਕੱਢ ਰਹੇ।