Haryana ਦੇ ਹਿਸਾਰ ’ਚ ਆਰੋਪੀ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਪੁਲਿਸ ਟੀਮ ’ਤੇ ਕੀਤਾ ਗਿਆ ਹਮਲਾ
ਐਸ.ਐਚ.ਓ. ਸਮੇਤ 9 ਪੁਲਿਸ ਮੁਲਾਜ਼ਮ ਹੋਏ ਜ਼ਖਮੀ, ਦੋ ਦੀ ਹਾਲਤ ਗੰਭੀਰ
ਹਿਸਾਰ : ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਹਾਂਸੀ ’ਚ ਇਕ ਆਰੋਪੀ ਆਰੀਅਨ ਨੂੰ ਫੜਨ ਪਹੁੰਚੀ ਜੀਆਰਪੀਐਫ ਦੀ ਟੀਮ ’ਤੇ ਭੀੜ ਨੇ ਹਮਲਾ ਕਰ ਦਿੱਤਾ। ਅਚਾਨਕ ਭੀੜ ਵੱਲੋਂ ਕੀਤੇ ਗਏ ਹਮਲੇ ’ਚ ਐਸ.ਐਚ.ਓ. ਅਤੇ ਦੋ ਮਹਿਲਾ ਪੁਲਿਸ ਮੁਲਾਜ਼ਮਾਂ ਸਮੇਤ 9 ਜਵਾਨ ਜ਼ਖਮੀ ਹੋ ਗਏ। ਸੜਕ ’ਤੇ ਭੀੜ ਵੱਲੋਂ ਪੁਲਿਸ ਦੀ ਕੁੱਟਮਾਰ ਹੁੰਦੀ ਦੇਖ ਰਾਹਗੀਰਾਂ ਨੇ ਵੀਡੀਓ ਬਣਾ ਕੇ ਸ਼ੋਸਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਹਮਲੇ ਦੀ ਸੂਚਨਾ ਤੋਂ ਬਾਅਦ ਵਾਧੂ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜੀਆਰਪੀਐਫ ਦੀ ਟੀਮ ਐਸ.ਐਚ.ਓ. ਵਿਨੋਦ ਕੁਮਾਰ ਦੀ ਅਗਵਾਈ ’ਚ ਚੋਰੀ ਦੇ ਇਕ ਆਰੋਪੀ ਨੂੰ ਫੜਨ ਲਈ ਹਾਂਸੀ ਪਹੁੰਚੀ ਸੀ। ਪੁਲਿਸ ਨੇ ਰੇਲਵੇ ਦਾ ਸਮਾਨ ਚੋਰੀ ਕਰਨ ਵਾਲੇ ਆਰੋਪੀ ਨੂੰ ਗੈਸ ਏਜੰਸੀ ਰੋਡ ’ਤੇ ਗਰਗ ਹਸਪਤਾਲ ਨੇੜੇ ਦੇਖਿਆ। ਜਦੋਂ ਪੁਲਿਸ ਨੇ ਆਰੋਪੀ ਨੂੰ ਫੜਨ ਦਾ ਯਤਨ ਕੀਤਾ ਤਾਂ ਅਚਾਨਕ ਭੀੜ ਨੇ ਪੁਲਿਸ ’ਤੇ ਸੋਟੀਆਂ ਨਾਲ ਹਮਲਾ ਕਰ ਦਿੱਤਾ ਅਤੇ ਆਰੋਪੀ ਆਰੀਅਨ ਨੂੰ ਛੁਡਾ ਕੇ ਲੈ ਗਏ।
ਪੁਲਿਸ ਨੂੰ ਰੇਲਵੇ ਦਾ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਨ ਵਾਲੇ ਆਰੋਪੀ ਦੇ ਹਾਂਸੀ ’ਚ ਹੋਣ ਦੀ ਸੂਚਨਾ ਮਿਲੀ ਸੀ। ਆਰੋਪੀ ਨੂੰ ਫੜਨ ਲਈ ਐਸਪੀ ਰੇਲਵੇ ਨਿਕਿਤਾ ਗਹਿਲੋਤ ਦੇ ਹੁਕਮਾਂ ’ਤੇ ਐਸ.ਐਚ.ਓ. ਵਿਨੋਦ ਕੁਮਾਰ ਦੀ ਅਗਵਾਈ ’ਚ ਐਸ.ਆਈ. ਟੀ. ਦਾ ਗਠਨ ਕੀਤਾ ਗਿਆ, ਜਿਸ ਤੋਂ ਬਾਅਦ ਰੇਲਵੇ ਪੁਲਿਸ ਦੀ ਇਹ ਟੀਮ ਹਾਂਸੀ ਦੇ ਲਈ ਰਵਾਨਾ ਹੋਈ। ਟੀਮ ਨੇ ਜਿਸ ਤਰ੍ਹਾਂ ਹੀ ਗਰਗ ਹਸਪਤਾਲ ਦੇ ਨੇੜੇ ਆਰੋਪੀ ਨੂੰ ਫੜਨ ਦਾ ਯਤਨ ਕੀਤਾ ਤਾਂ ਅਚਾਨਕ ਭੀੜ ਨੇ ਪੁਲਿਸ ਨੂੰ ਘੇਰ ਲਿਆ। ਆਰੋਪੀ ਆਰੀਅਨ ’ਤੇ ਰੇਲਵੇ ਯਾਤਰੀਆਂ ਦਾ ਲਗਭਗ ਅੱਠ ਲੱਖ ਰੁਪਏ ਦਾ ਸੋਨਾ ਚੋਰੀ ਕਰਨ ਦਾ ਆਰੋਪ ਹੈ। ਪੁਲਿਸ ਨੇ ਕਿਹਾ ਕਿ ਸਾਰੇ ਹਮਲਾਵਰਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।