ਹਰਿਆਣਾ ਐਸ.ਟੀ.ਐਫ. ਵਲੋਂ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਵਕੀਲ ਨੂੰ ਤੁਰਤ ਰਿਹਾਅ ਕਰਨ ਦੇ ਹੁਕਮ
ਕਤਲ ਮਾਮਲੇ ’ਚ ਕੀਤਾ ਗਿਆ ਸੀ ਗ੍ਰਿਫ਼ਤਾਰ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਤਲ ਮਾਮਲੇ ’ਚ ਗੁਰੂਗ੍ਰਾਮ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਵਲੋਂ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਵਕੀਲ ਵਿਕਰਮ ਸਿੰਘ ਨੂੰ ਤੁਰਤ ਰਿਹਾਅ ਕਰਨ ਦੇ ਹੁਕਮ ਦਿਤੇ ਹਨ। ਚੀਫ ਜਸਟਿਸ ਬੀ.ਆਰ. ਗਵਈ, ਜਸਟਿਸ ਕੇ. ਵਿਨੋਦ ਚੰਦਰਨ ਅਤੇ ਜਸਟਿਸ ਐਨ.ਵੀ. ਅੰਜਾਰੀਆ ਦੀ ਬੈਂਚ ਨੇ ਵਕੀਲ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਦੀ ਸੁਣਵਾਈ ਤੋਂ ਬਾਅਦ ਇਹ ਹੁਕਮ ਦਿਤਾ।
ਅਦਾਲਤ ਨੇ 10,000 ਰੁਪਏ ਦੇ ਜ਼ਮਾਨਤ ਮੁਚਲਕੇ ਪੇਸ਼ ਕਰਨ ਉਤੇ ਵਿਕਰਮ ਸਿੰਘ ਨੂੰ ਤੁਰਤ ਰਿਹਾਅ ਕਰਨ ਦਾ ਹੁਕਮ ਦਿਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਬੁਧਵਾਰ ਨੂੰ ਤੈਅ ਕੀਤੀ। ਬੈਂਚ ਨੇ ਸੁਪਰੀਮ ਕੋਰਟ ਦੇ ਰਜਿਸਟਰਾਰ (ਨਿਆਂਪਾਲਿਕ) ਨੂੰ ਹੁਕਮ ਦਿਤਾ ਕਿ ਉਹ ਇਸ ਹੁਕਮ ਦੀ ਤੁਰਤ ਪਾਲਣਾ ਲਈ ਗੁਰੂਗ੍ਰਾਮ ਪੁਲਿਸ ਕਮਿਸ਼ਨਰ ਨੂੰ ਸੂਚਿਤ ਕਰਨ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਨੇ ਕਿਹਾ ਕਿ ਅਪਰਾਧਕ ਕਾਨੂੰਨ ਦੀ ਪ੍ਰੈਕਟਿਸ ਕਰਨ ਵਾਲਾ ਕੋਈ ਵੀ ਵਿਅਕਤੀ ਹੁਣ ਇਸ ਤਰ੍ਹਾਂ ਦੇ ਜ਼ਬਰਦਸਤੀ ਉਪਾਵਾਂ ਦਾ ਸ਼ਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤਾ ਗਿਆ ਵਕੀਲ ਗੈਂਗਸਟਰਾਂ ਦਾ ਕੇਸ ਲੜ ਰਿਹਾ ਸੀ ਪਰ ਪੁਲਿਸ ਵਲੋਂ ਵਕੀਲਾਂ ਵਿਰੁਧ ਇਸ ਤਰ੍ਹਾਂ ਦੇ ਅੱਤਿਆਚਾਰ ਦੀ ਇਜਾਜ਼ਤ ਨਹੀਂ ਹੈ।