Haryana News : ਨਪੁੰਸਕ ਬਣਾਉਣ ਦਾ ਮਾਮਲਾ ’ਚ ਡੇਰੇ ’ਤੇ ਧਮਕੀਆਂ ਦੇਣ ਦਾ ਦੋਸ਼

ਏਜੰਸੀ

ਖ਼ਬਰਾਂ, ਹਰਿਆਣਾ

Haryana News : ਮੁੱਖ ਗਵਾਹ ਨੇ ਕੇਸ ਦੀ ਬਹਿਸ ਵੀਡੀਉ ਕਾਨਫ਼ਰੰਸ ਰਾਹੀਂ ਕਰਾਉਣ ਦੀ ਕੀਤੀ ਮੰਗ

Allegations of Threats Against Dera in Castration Case Latest News in Punjabi

Allegations of Threats Against Dera in Castration Case Latest News in Punjabi ਚੰਡੀਗੜ੍ਹ : ਸੌਦਾ ਸਾਧ ਗੁਰਮੀਤ ਰਾਮ ਰਹੀਮ ਵਿਰੁਧ ਨਪੁੰਸਕ ਬਣਾਉਣ ਸਬੰਧੀ ਕੇਸ ਵਿਚ ਪੀੜਤ ਤੇ ਮੁੱਖ ਗਵਾਹ ਨੇ ਖ਼ੁਦ ਨੂੰ ਅਤੇ ਅਪਣੇ ਪਰਵਾਰ ਨੂੰ ਧਮਕੀਆਂ ਮਿਲਣ ਦਾ ਦੋਸ਼ ਲਾਇਆ ਅਤੇ ਅਮਰੀਕਾ ਵਿਚ ਪਨਾਹ ਲਈ ਅਰਜ਼ੀ ਦਿਤੀ ਹੈ। ਉਹ ਚਾਹੁੰਦਾ ਹੈ ਕਿ ਧਮਕੀਆਂ ਕਾਰਨ ਕੇਸ ਵਿਚ ਉਸ ਦੀ ਬਹਿਸ ਵੀਡੀਉ ਕਾਨਫ਼ਰੰਸਿੰਗ ਰਾਹੀਂ ਕਰਵਾਈ ਕੀਤੀ ਜਾਵੇ ਪਰੰਤੂ ਰਾਮ ਰਹੀਮ ਇਸ ਦਾ ਵਿਰੋਧ ਕਰ ਰਿਹਾ ਹੈ। 

ਇਹ ਪੀੜਤ ਹੀ ਸੀ, ਜਿਸ ਦੀ ਪਟੀਸ਼ਨ ’ਤੇ 2015 ਵਿਚ ਸੀਬੀਆਈ ਵਲੋਂ ਡੇਰਾ ਮੁਖੀ ਵਿਰੁਧ ਕੇਸ ਦਰਜ ਕੀਤਾ ਗਿਆ ਸੀ ਅਤੇ ਫਿਰ 2018 ਵਿਚ ਡਾਕਟਰਾਂ ਦੀ ਮਿਲੀਭੁਗਤ ਨਾਲ ਪੈਰੋਕਾਰਾਂ ਨੂੰ ਨਪੁੰਸਕ ਬਣਾਏ ਜਾਣ ਸਬੰਧੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ। ਪੰਚਕੂਲਾ ਦੀ ਹੇਠਲੀ ਅਦਾਲਤ ਦੇ ਸਾਹਮਣੇ ਪੀੜਤ ਨੇ ਅਪਣੇ ਵਕੀਲ ਨਵਕਿਰਨ ਸਿੰਘ ਰਾਹੀਂ ਦਸਿਆ ਕਿ ਉਹ ਜੂਨ 2024 ’ਚ ਅਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਅਮਰੀਕਾ ਚਲਾ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਅਪਣੀ ਜਾਨ ਦਾ ਖਤਰਾ ਸੀ। ਉਸ ਨੇ ਕਿਹਾ ਕਿ ਉਹ ਭਾਰਤ ਵਾਪਸ ਆਉਣ ਦਾ ਇੱਛੁਕ ਨਹੀਂ ਹੈ ਪਰ ਮਾਮਲੇ ’ਚ ਵੀਡੀਉ ਕਾਨਫ਼ਰੰਸ ਰਾਹੀਂ ਬਹਿਸ ਕਰਾਉਣ ਲਈ ਤਿਆਰ ਹੈ। 

ਉਸ ਨੇ ਅਦਾਲਤ ਨੂੰ ਇਹ ਵੀ ਦਸਿਆ ਕਿ ਆਰਥਕ ਤੰਗੀ ਕਾਰਨ ਉਸ ਦੀ ਪਤਨੀ ਤੇ ਬੱਚੇ ਭਾਰਤ ਵਾਪਸ ਆ ਗਏ ਹਨ ਤੇ ਟੋਹਾਣਾ (ਹਰਿਆਣਾ) ’ਚ ਰਹਿ ਰਹੇ ਹਨ। ਉਸ ਨੇ ਦਸਿਆ ਕਿ ਰਾਮ ਰਹੀਮ ਦੇ ਪੈਰੋਕਾਰਾਂ ਵਲੋਂ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਦੇ ਆਧਾਰ ’ਤੇ ਉਸ ਨੇ ਅਮਰੀਕਾ ’ਚ ਪਨਾਹ ਲਈ ਅਰਜ਼ੀ ਦਿਤੀ ਹੈ। ਗਵਾਹ ਨੇ ਕਿਹਾ ਕਿ ਉਸ ਨੇ ਹਾਲਾਂਕਿ 25 ਮਾਰਚ ਤੇ 8 ਅਪ੍ਰੈਲ ਨੂੰ ਸੀਬੀਆਈ ਨੂੰ ਪੱਤਰ ਲਿਖ ਕੇ ਅਪਣੇ ਪਰਵਾਰਕ ਮੈਂਬਰਾਂ ਲਈ ਸੁਰੱਖਿਆ ਮੰਗੀ ਸੀ ਤੇ ਡੇਰਾ ਮੁਖੀ ਦੇ ਪੈਰੋਕਾਰਾਂ ਵਲੋਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਬਾਰੇ ਜਾਣਕਾਰੀ ਦਿਤੀ ਸੀ। ਉਸ ਨੇ ਸ਼ਿਕਾਇਤ ਕੀਤੀ ਕਿ ਸੀਬੀਆਈ ਨੇ ਵੀਡੀਉ ਕਾਨਫ਼ਰੰਸ ਰਾਹੀਂ ਗਵਾਹੀ ਦਰਜ ਕਰਾਉਣ ਦੀ ਇਜਾਜ਼ਤ ਮੰਗਣ ਲਈ ਅਦਾਲਤ ’ਚ ਰਸਮੀ ਅਰਜ਼ੀ ਨਹੀਂ ਦਿਤੀ। 

ਉਸ ਨੇ ਅਦਾਲਤ ਨੂੰ ਦਸਿਆ ਸੀ ਕਿ 24 ਮਈ ਨੂੰ ਉਸ ਦੇ ਪਰਵਾਰ ਦੀ ਸੁਰੱਖਿਆ ਵਾਪਸ ਲੈ ਲਈ ਗਈ ਅਤੇ ਡੇਰਾ ਪੈਰੋਕਾਰਾਂ ਵਲੋਂ ਧਮਕੀਆਂ ਦਿਤੇ ਜਾਣ ਮਗਰੋਂ ਉਸ ਦੀ ਪਤਨੀ ਨੇ 26 ਮਈ ਨੂੰ ਫ਼ਤਿਹਾਬਾਦ ਦੇ ਐਸ.ਪੀ., ਸੀ.ਬੀ.ਆਈ. ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਇਸ ਬਾਰੇ ਪੱਤਰ ਲਿਖਿਆ ਸੀ। ਦੂਜੇ ਪਾਸੇ ਰਾਮ ਰਹੀਮ ਨੇ ਅਪਣੇ ਵਕੀਲ ਅਮਰ ਡੀ. ਕਾਮਰਾ ਰਾਹੀਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਸੁਣਵਾਈ ਦਾ ਵਿਰੋਧ ਕਰਦਿਆਂ ਦਲੀਲ ਦਿਤੀ ਸੀ ਕਿ ਉਹ ਮੌਜੂਦਾ ਸਮੇਂ ਅਹਿਮ ਗਵਾਹ ਹੈ ਕਿਉਂਕਿ ਉਹ ਸ਼ਿਕਾਇਤਕਰਤਾ ਹੈ ਜਿਸ ਕਾਰਨ ਇਹ ਕੇਸ ਦਰਜ ਕੀਤਾ ਗਿਆ। ਉਸ ਨੇ ਧਮਕੀਆਂ ਦਿਤੇ ਜਾਣ ਦੇ ਦੋਸ਼ਾਂ ਨੂੰ ਵੀ ਝੂਠਾ ਕਰਾਰ ਦਿਤਾ। ਇਸੇ ਦੌਰਾਨ ਸੀ.ਬੀ.ਆਈ. ਨੇ ਪੀੜਤ ਦੇ ਪਰਵਾਰ ਨੂੰ ਸੁਰੱਖਿਆ ਬਾਰੇ ਅਰਜ਼ੀ ’ਤੇ ਜਵਾਬ ਦੇਣ ਲਈ ਸਮਾਂ ਮੰਗਿਆ ਹੈ।

(For more news apart from Allegations of Threats Against Dera in Castration Case Latest News in Punjabi stay tuned to Rozana Spokesman.)