Faridabad News: ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਪਰਿਵਾਰ ਨੇ ਠੰਢ ਤੋਂ ਬਚਣ ਲਈ ਕਮਰੇ ਵਿਚ ਬਾਲੀ ਸੀ ਅੰਗੀਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਮ੍ਰਿਤਕਾਂ ਵਿਚ ਪਤੀ-ਪਤਨੀ ਤੇ ਉਨ੍ਹਾਂ ਦਾ 5 ਸਾਲ ਦਾ ਬੇਟਾ ਸ਼ਾਮਲ

Faridabad 3 members death News

ਹਰਿਆਣਾ ਦੇ ਫਰੀਦਾਬਾਦ ਵਿੱਚ ਬੀਤੀ ਰਾਤ ਇੱਕ ਕਮਰੇ ਵਿੱਚ ਸੌਂ ਰਹੇ ਇੱਕ ਜੋੜੇ ਅਤੇ ਉਨ੍ਹਾਂ ਦੇ 5 ਸਾਲ ਦੇ ਪੁੱਤਰ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਪਰਿਵਾਰ ਨੇ ਠੰਢ ਤੋਂ ਬਚਣ ਲਈ ਕਮਰੇ ਵਿੱਚ ਅੰਗੀਠੀ ਬਾਲੀ ਸੀ।

ਜਦੋਂ ਅੱਜ ਸਵੇਰੇ ਤਿੰਨੋਂ ਆਪਣੇ ਕਮਰੇ ਵਿੱਚੋਂ ਨਹੀਂ ਨਿਕਲੇ, ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ ਕਿ ਕੁਝ ਗਲਤ ਤਾਂ ਨਹੀਂ ਹੋਇਆ, ਜਦੋਂ ਉਨ੍ਹਾਂ ਨੇ ਦਰਵਾਜ਼ਾ ਖੜਕਾਇਆ, ਤਾਂ ਕਿਸੇ ਨੇ ਜਵਾਬ ਨਹੀਂ ਦਿੱਤਾ। ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁਲਿਸ ਪਹੁੰਚੀ। ਜਦੋਂ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਤਿੰਨਾਂ ਦੀਆਂ ਲਾਸ਼ਾਂ  ਪਈਆਂ ਸਨ।

ਮ੍ਰਿਤਕਾਂ ਦੀ ਪਛਾਣ ਰਮੇਸ਼ (22), ਉਸ ਦੀ ਪਤਨੀ ਮਮਤਾ (27) ਅਤੇ ਉਨ੍ਹਾਂ ਦੇ ਪੁੱਤਰ ਛੋਟੂ (5) ਵਜੋਂ ਹੋਈ ਹੈ, ਇਹ ਸਾਰੇ ਫਰੀਦਾਬਾਦ ਦੇ ਮੁਜੇਸਰ ਥਾਣਾ ਖੇਤਰ ਦੇ ਸਰੂਰਪੁਰ ਦੇ ਰਹਿਣ ਵਾਲੇ ਸਨ। ਇਹ ਮੂਲ ਰੂਪ ਵਿੱਚ ਬਿਹਾਰ ਦੇ ਬਕਸਰ ਜ਼ਿਲ੍ਹੇ ਤੋਂ ਸਨ। ਮਮਤਾ ਨੇ ਅੱਠ ਮਹੀਨੇ ਪਹਿਲਾਂ ਹੀ ਰਮੇਸ਼ ਨਾਲ ਦੂਜਾ ਵਿਆਹ ਕਰਵਾਇਆ ਸੀ। ਉਹ ਫਰੀਦਾਬਾਦ ਵਿੱਚ ਕੰਮ ਕਰਦੇ ਸਨ ਅਤੇ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਸਨ।