Haryana ਦੇ ਮਹਿਮ ’ਚ ਸੰਘਣੀ ਧੁੰਦ ਕਾਰਨ ਆਪਸ ’ਚ ਟਕਰਾਏ 50-60 ਵਾਹਨ
ਕਾਰ ਸਵਾਰ ਦੋ 2 ਵਿਅਕਤੀਆਂ ਦੀ ਹੋਈ ਮੌਤ
ਮਹਿਮ : ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਐਤਵਾਰ ਦੀ ਸਵੇਰੇ ਸੰਘਣੀ ਧੁੰਦ ਛਾਈ ਰਹੀ। ਇਸ ਕਾਰਨ ਵਿਜ਼ੀਬਿਲਟੀ ਘਟ ਕੇ 10 ਮੀਟਰ ਤੱਕ ਰਹਿ ਗਈ ਹੈ । ਕੁੱਝ ਇਲਾਕਿਆਂ ਵਿੱਚ 5 ਤੋਂ ਵੀ ਘੱਟ ਵਿਜ਼ੀਬਿਲਟੀ ਰਹੀ। ਇਸ ਦੇ ਚੱਲਦੇ 3 ਜ਼ਿਲ੍ਹਿਆਂ ਵਿੱਚ ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ 50 ਤੋਂ ਵੱਧ ਵਾਹਨ ਆਪਸ ਵਿੱਚ ਟਕਰਾ ਗਏ।
ਰੋਹਤਕ ਦੇ ਮਹਿਮ ਵਿੱਚ 152 ਡੀ ਦੇ ਕੱਟ ’ਤੇ ਇੱਕ ਟਰੱਕ ਅਤੇ ਕਾਰ ਦੀ ਟੱਕਰ ਹੋ ਗਈ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ । ਜਦਕਿ ਕਈ ਜ਼ਖਮੀ ਹੋ ਗਏ । ਟਰੱਕ-ਕਾਰ ਦੀ ਟੱਕਰ ਤੋਂ ਬਾਅਦ ਲਗਭਗ 35-40 ਹੋਰ ਵਾਹਨ ਵੀ ਆਪਸ ਵਿੱਚ ਟਕਰਾ ਗਏ । ਕੁਝ ਵਾਹਨਾਂ ਵਿੱਚ ਅੱਗ ਵੀ ਲੱਗ ਗਈ, ਜਿਸ ਨੂੰ ਪੁਲਿਸ ਕਰਮਚਾਰੀਆਂ ਨੇ ਲੋਕਾਂ ਦੀ ਮਦਦ ਨਾਲ ਬੁਝਾਇਆ । ਕੁਝ ਵਾਹਨ ਤਾਂ ਇੱਕ ਦੂਜੇ ਵਿੱਚ ਫਸ ਗਏ ਸਨ, ਜਿਨ੍ਹਾਂ ਨੂੰ ਕੱਟ ਕੇ ਵੱਖ ਕੀਤਾ ਗਿਆ । ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਵਾਹਨਾਂ ਨੂੰ ਕੱਟ ਕੇ ਕੱਢਿਆ ਗਿਆ।
ਹਿਸਾਰ ਵਿੱਚ ਨੈਸ਼ਨਲ ਹਾਈਵੇ 52 ਤੇ ਧਿਕਤਾਨਾ ਮੋੜ ਤੇ ਹਰਿਆਣਾ ਰੋਡਵੇਜ਼ ਦੀਆਂ ਦੋ ਬੱਸਾਂ ਦੂਜੇ ਵਾਹਨਾਂ ਨਾਲ ਟਕਰਾ ਗਈਆਂ । ਕੈਥਲ ਰੋਡਵੇਜ਼ ਡਿਪੋ ਦੀ ਸਵਾਰੀਆਂ ਨਾਲ ਭਰੀ ਬੱਸ ਡੰਪਰ ਨਾਲ ਟਕਰਾ ਗਈ। ਪਿੱਛੇ ਆ ਰਹੀ ਇੱਕ ਬੱਸ ਦੀ ਆਲਟੋ ਕਾਰ ਨਾਲ ਟੱਕਰ ਹੋ ਗਈ । ਇੱਕ ਬਾਈਕ ਸਵਾਰ ਨੌਜਵਾਨ ਵੀ ਚਪੇਟ ਵਿੱਚ ਆ ਗਿਆ । ਕੁੱਲ ਪੰਜ ਵਾਹਨ ਆਪਸ ਵਿੱਚ ਟਕਰਾ ਗਏ । ਇਸ ਹਾਦਸੇ ਵਿੱਚ 100 ਤੋਂ ਵੱਧ ਲੋਕਾਂ ਦੀ ਜਾਨ ਬਚ ਗਈ, ਜਦਕਿ ਖੇੜੀ ਬਰਕੀ ਨਿਵਾਸੀ ਮੋਟਰਸਾਈਕਲ ਸਵਾਰ ਜ਼ਖਮੀ ਹੋਇਆ ਹੈ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਤੋਂ ਇਲਾਵਾ ਝੱਜਰ-ਰੇਵਾੜੀ ਰੋਡ ਸਥਿਤ ਕੁਲਾਨਾ ਚੌਕ ਦੇ ਨੇੜੇ ਵੀ ਦੋ ਬੱਸਾਂ ਆਪਸ ਵਿੱਚ ਟਕਰਾ ਗਈਆਂ। ਇਸ ਵਿੱਚ ਕਈ ਯਾਤਰੀਆਂ ਨੂੰ ਸੱਟਾਂ ਲੱਗੀਆਂ, ਜਦਕਿ ਇੱਕ ਬੱਸ ਦਾ ਡਰਾਇਵਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਨਾਲ ਹੀ, ਚਰਖੀਦਾਦਰੀ ਵਿੱਚ ਵੀ ਕਈ ਵਾਹਨ ਟਕਰਾ ਗਏ । ਭਿਵਾਨੀ ਵਿੱਚ ਹਾਂਸੀ ਰੋਡ ’ਤੇ ਧੁੰਦ ਕਾਰਨ 4 ਵਾਹਨ ਟਕਰਾ ਗਏ। ਉਧਰ, ਧੁੰਦ ਕਾਰਨ ਹਿਸਾਰ-ਦਿੱਲੀ ਫਲਾਈਟ ਰੱਦ ਹੋ ਗਈ ਹੈ।
ਮੌਸਮ ਵਿਭਾਗ ਨੇ ਅੱਜ ਐਤਵਾਰ ਨੂੰ 11 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪੰਚਕੂਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਜੀਂਦ, ਸੋਨੀਪਤ, ਰੋਹਤਕ, ਅੰਬਾਲਾ, ਭਿਵਾਨੀ, ਝੱਜਰ ਸ਼ਾਮਲ ਹਨ। ਸਵੇਰੇ ਹਿਸਾਰ ਦੇ ਨਾਲ ਸੋਨੀਪਤ, ਗੁਰੂਗ੍ਰਾਮ, ਫਰੀਦਾਬਾਦ ਅਤੇ ਹੋਰ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ। ਸਵੇਰੇ ਸਵਾ ਅੱਠ ਵਜੇ ਤੱਕ ਸ਼ਹਿਰੀ ਅਤੇ ਪੇਂਡੂ ਇਲਾਕੇ ਧੁੰਦ ਦੇ ਪ੍ਰਭਾਵ ਵਿੱਚ ਦਿਖੇ। ਨੈਸ਼ਨਲ ਹਾਈਵੇ ਦੇ ਨਾਲ ਲੋਕਲ ਰੂਟਾਂ ਤੇ ਵੀ ਵਾਹਨ ਚਲਾਉਣ ਵਿੱਚ ਮੁਸ਼ਕਲ ਰਹੀ।