Haryana School Bus Accident: ਦੋ ਹੋਰ ਗ੍ਰਿਫ਼ਤਾਰ, ਡਿਊਟੀ ਤੋਂ ਪਹਿਲਾਂ ਪੀਤੀ ਸੀ ਸ਼ਰਾਬ 

ਏਜੰਸੀ

ਖ਼ਬਰਾਂ, ਹਰਿਆਣਾ

ਮਹਿੰਦਰਗੜ੍ਹ ਪੁਲਿਸ ਨੇ ਦੱਸਿਆ ਕਿ ਦੋਵਾਂ ਨੇ ਬੱਚਿਆਂ ਨੂੰ ਲੈਣ ਜਾਣ ਤੋਂ ਪਹਿਲਾਂ ਸਕੂਲ ਬੱਸ ਦੇ ਅੰਦਰ ਡਰਾਈਵਰ ਨਾਲ ਕਥਿਤ ਤੌਰ 'ਤੇ ਸ਼ਰਾਬ ਪੀਤੀ ਸੀ। 

File Photo

Haryana School Bus Accident:  ਚੰਡੀਗੜ੍ਹ: ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ 'ਚ ਸਕੂਲ ਬੱਸ ਹਾਦਸੇ ਦੇ ਮਾਮਲੇ 'ਚ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਵੀਰਵਾਰ ਨੂੰ ਮਹਿੰਦਰਗੜ੍ਹ ਜ਼ਿਲ੍ਹੇ ਵਿਚ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਦੇ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਪਲਟਣ ਨਾਲ ਛੇ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਲਗਭਗ 20 ਜ਼ਖਮੀ ਹੋ ਗਏ।

ਮਹਿੰਦਰਗੜ੍ਹ ਪੁਲਿਸ ਨੇ ਦੱਸਿਆ ਕਿ ਦੋਵਾਂ ਨੇ ਬੱਚਿਆਂ ਨੂੰ ਲੈਣ ਜਾਣ ਤੋਂ ਪਹਿਲਾਂ ਸਕੂਲ ਬੱਸ ਦੇ ਅੰਦਰ ਡਰਾਈਵਰ ਨਾਲ ਕਥਿਤ ਤੌਰ 'ਤੇ ਸ਼ਰਾਬ ਪੀਤੀ ਸੀ। 
ਪੁਲਿਸ ਅਨੁਸਾਰ ਬੱਸ ਡਰਾਈਵਰ ਧਰਮਿੰਦਰ ਕਥਿਤ ਤੌਰ 'ਤੇ ਸ਼ਰਾਬੀ ਸੀ ਅਤੇ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਉਸ ਨੇ ਵਾਹਨ 'ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਵੀਰਵਾਰ ਸਵੇਰੇ ਕਰੀਬ 8.30 ਵਜੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਕਨੀਨਾ ਦੇ ਉਨਹਾਨੀ ਪਿੰਡ ਨੇੜੇ ਇਹ ਹਾਦਸਾ ਵਾਪਰਿਆ।

ਪੁਲਿਸ ਜਾਂਚ ਤੋਂ ਪਤਾ ਲੱਗਿਆ ਹੈ ਕਿ ਸਕੂਲ ਬੱਸ ਡਰਾਈਵਰ ਨੇ ਆਪਣੇ ਸਾਥੀਆਂ ਨਾਲ ਬੱਸ ਵਿੱਚ ਸ਼ਰਾਬ ਪੀਤੀ ਸੀ। ਇਸ ਤੋਂ ਬਾਅਦ ਉਹ ਬੱਚਿਆਂ ਨੂੰ ਲੈਣ ਲਈ ਜੀ ਐਲ ਪਬਲਿਕ ਸਕੂਲ ਪਹੁੰਚੇ। ਪੁਲਿਸ ਨੇ ਦੱਸਿਆ ਕਿ ਉਸ ਦੇ ਦੋ ਸਾਥੀਆਂ ਨੀਟੂ ਉਰਫ਼ ਹਰੀਸ਼ ਅਤੇ ਸੰਦੀਪ ਦੋਵੇਂ ਸਹਿਲਾਂਗ ਦੇ ਰਹਿਣ ਵਾਲੇ ਹਨ, ਜਿਨ੍ਹਾਂ 'ਤੇ ਭਾਰਤੀ ਦੰਡਾਵਲੀ ਅਤੇ ਮੋਟਰ ਵਹੀਕਲ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਨੇ ਦੱਸਿਆ ਕਿ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਡਰਾਈਵਰ ਅਤੇ ਸਕੂਲ ਹੈੱਡਮਾਸਟਰ ਸਮੇਤ ਤਿੰਨ ਮੁਲਜ਼ਮਾਂ ਨੂੰ ਉਸੇ ਦਿਨ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਵੀਰਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੰਜ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ।