ਹਰਿਆਣਾ ਵਿਚ ਪੁਲਿਸ ਵਾਲਿਆਂ ਨੂੰ ਝਟਕਾ, ਡਿਊਟੀ 'ਤੇ ਮੋਬਾਈਲ ਵਰਤਣ 'ਤੇ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਸੋਸ਼ਲ ਮੀਡੀਆ 'ਤੇ ਵੀ ਲਗਾਈ ਪਾਬੰਦੀ

Ban on use of mobile phones on police personnel on duty in Haryana News

ਹੁਣ ਹਰਿਆਣਾ 'ਚ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ। ਪੁਲਿਸ ਹੈੱਡਕੁਆਰਟਰ ਤੋਂ ਪੱਤਰ ਲਿਖ ਕੇ ਇਸ ’ਤੇ ਪਾਬੰਦੀ ਲਾਈ ਗਈ ਹੈ। ਪੁਲਿਸ ਮੁਲਾਜ਼ਮਾਂ ਨੂੰ ਮੋਬਾਈਲ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਇਲੈਕਟ੍ਰਾਨਿਕ ਯੰਤਰ ਦੀ ਵਰਤੋਂ ਕਰਨ ਦੀ ਵੀ ਮਨਾਹੀ ਹੋਵੇਗੀ।

ਪੁਲਿਸ ਹੈੱਡਕੁਆਰਟਰ ਦੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਡਿਊਟੀ ਦੌਰਾਨ ਮੋਬਾਈਲ ਜਾਂ ਹੋਰ ਇਲੈਕਟ੍ਰਾਨਿਕ ਸੰਚਾਰ ਉਪਕਰਨਾਂ ਦੀ ਵਰਤੋਂ ਕਰਮਚਾਰੀਆਂ ਦਾ ਧਿਆਨ ਭਟਕਾਉਂਦੀ ਹੈ। ਇਸ ਨਾਲ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਗਿਆ ਹੈ। ਪੁਲਿਸ ਦਾ ਅਕਸ ਵੀ ਖਰਾਬ ਹੁੰਦਾ ਹੈ।

ਇਸ ਦੇ ਮੱਦੇਨਜ਼ਰ ਡਿਊਟੀ ਦੌਰਾਨ ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਪੁਲਿਸ ਮੁਲਾਜ਼ਮ ਆਪਣੇ ਨੰਬਰ ਦੀ ਜਾਣਕਾਰੀ ਯੂਨਿਟ ਇੰਚਾਰਜ ਨੂੰ ਦੇਣਗੇ। ਡਿਊਟੀ ਦੌਰਾਨ ਮੁਲਾਜ਼ਮਾਂ ਦੇ ਮੋਬਾਈਲ ਫ਼ੋਨ ਜਮਾ ਹੋਣਗੇ। ਇਸ ਦਾ ਰਿਕਾਰਡ ਵੀ ਰੱਖਿਆ ਜਾਵੇਗਾ। ਇਸ ਦੌਰਾਨ ਉਹ ਇੰਚਾਰਜ ਦੇ ਨੰਬਰ ਤੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਸਕਣਗੇ।

ਪਾਣੀਪਤ ਦੇ ਡੀਐਸਪੀ ਹੈੱਡ ਕੁਆਟਰ ਸਤੀਸ਼ ਵਤਸ ਨੇ ਦੱਸਿਆ ਕਿ ਹੈੱਡਕੁਆਰਟਰ ਤੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਇਹ ਹੁਕਮ ਕੁਝ ਸ਼੍ਰੇਣੀਆਂ ਦੀਆਂ ਡਿਊਟੀਆਂ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਲਈ ਹੈ। ਇਸ ਨਾਲ ਪੁਲਿਸ ਮੁਲਾਜ਼ਮ ਹੋਰ ਚੌਕਸੀ ਅਤੇ ਮੁਸਤੈਦੀ ਨਾਲ ਡਿਊਟੀ ਨਿਭਾਉਣਗੇ।