Haryana ਪੁਲਿਸ ਨੇ ਮੁਕਾਬਲੇ ਤੋਂ ਬਾਅਦ ਹਿਸਟਰੀ ਸ਼ੀਟਰ ਸ਼ਿਵਦਿਆਲ ਨੂੰ ਕੀਤਾ ਗ੍ਰਿਫ਼ਤਾਰ
ਸੀ.ਆਈ.ਏ. ਇੰਚਾਰਜ ਵੀ ਮੁਕਾਬਲੇ ਦੌਰਾਨ ਹੋਏ ਜ਼ਖ਼ਮੀ
ਨਾਰਨੌਲ : ਮਹਿੰਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਵਿੱਚ ਅੱਜ ਸਵੇਰੇ ਪੁਲਿਸ ਅਤੇ ਹਿਸਟਰੀ ਸ਼ੀਟਰ ਵਿਚਕਾਰ ਮੁਕਾਬਲਾ ਹੋ ਗਿਆ। ਮੁਕਾਬਲੇ ਦੌਰਾਨ ਹਿਸਟਰੀ ਸ਼ੀਟਰ ਦੇ ਪੈਰ ’ਚ ਗੋਲੀ ਲੱਗੀ, ਜਦਕਿ ਸੀ.ਆਈ.ਏ ਇੰਚਾਰਜ ਦੀ ਜੈਕੇਟ ਵਿੱਚ ਵੀ ਗੋਲੀ ਲੱਗ ਕੇ ਰਹਿ ਗਈ। ਪੁਲਿਸ ਨੇ ਹਿਸਟਰੀਸ਼ੀਟਰ ਸਮੇਤ ਉਸ ਦੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਅਲਵਰ ਜ਼ਿਲ੍ਹੇ ਦਾ ਹੈ।
ਸ਼ਨੀਵਾਰ ਸਵੇਰੇ ਸੀ.ਆਈ.ਏ ਪੁਲਿਸ ਨੇ ਹਿਸਟਰੀ ਸ਼ੀਟਰ ਸ਼ਿਵਦਿਆਲ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਹੋਏ ਆਹਮੋ-ਸਾਹਮਣੇ ਫਾਇਰਿੰਗ ਵਿੱਚ ਸ਼ਿਵਦਿਆਲ ਦੇ ਪੈਰ ਵਿੱਚ ਗੋਲੀ ਲੱਗੀ, ਜਦਕਿ ਸੀ.ਆਈ.ਏ. ਇੰਚਾਰਜ ਇਸ ਇਸ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਏ। ਇਸੇ ਦੌਰਾਨ ਬਦਮਾਸ਼ ਦੇ ਇੱਕ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਅਲਵਰ ਜ਼ਿਲ੍ਹੇ ਦਾ ਹੈ। ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੋਵਾਂ ਕੋਲੋਂ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ। ਘਟਨਾ ਨਾਰਨੌਲ ਰੇਲਵੇ ਸਟੇਸ਼ਨ ਦੇ ਨੇੜੇ ਵੱਡੇ ਬਾਗ ਦੀ ਇੱਕ ਗਲੀ ਵਿੱਚ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਦਿਨ ਪਹਿਲਾਂ ਸਲਾਮਪੁਰਾ ਮੁਹੱਲੇ ਵਿੱਚ ਹੋਈ ਫਾਇਰਿੰਗ ਦਾ ਆਰੋਪੀ ਸ਼ਿਵਦਿਆਲ ਟਰੇਨ ’ਚ ਸਫ਼ਰ ਕਰ ਰਿਹਾ ਸੀ। ਉਹ ਫੁਲੇਰਾ ਤੋਂ ਟਰੇਨ ’ਚ ਸਵਾਰ ਹੋ ਕੇ ਨਾਰਨੌਲ ਵੱਲ ਆ ਰਿਹਾ ਸੀ ਅਤੇ ਉਸ ਨਾਲ ਅਲਵਰ ਜ਼ਿਲ੍ਹੇ ਦਾ ਇੱਕ ਹੋਰ ਬਦਮਾਸ਼ ਵੀ ਮੌਜੂਦ ਸੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੋਵੇਂ ਬਦਮਾਸ਼ ਸਟੇਸ਼ਨ ਤੋਂ ਪਹਿਲਾਂ ਟਰੇਨ ’ਚੋਂ ਉਤਰ ਕੇ ਭੱਜਣ ਲੱਗੇ ਸਨ ਅਤੇ ਪੁਲਿਸ ਟੀਮ ਨੇ ਉਨ੍ਹਾਂ ਨੂੰ ਘੇਰ ਕੇ ਫੜਨ ਦੀ ਕੋਸ਼ਿਸ਼ ਕੀਤੀ, ਇਸੇ ਦੌਰਾਨ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ। ਦੋਵੇਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਸ਼ਿਵਦਿਆਲ ਦੇ ਪੈਰ ਵਿੱਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਕੇ ਡਿੱਗ ਪਿਆ। ਪੁਲਿਸ ਜਵਾਨਾਂ ਨੇ ਤੁਰੰਤ ਕਾਰਵਾਈ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ।