Haryana News: ਹਰਿਆਣਾ 'ਚ ਹੀਟਵੇਵ ਕਾਰਨ ਅੱਧੀ ਦਰਜਨ ਦੇ ਕਰੀਬ ਲੋਕਾਂ ਦੀ ਮੌਤ, ਬੱਚੇ ਵੀ ਹੋ ਰਹੇ ਹਨ ਸ਼ਿਕਾਰ
ਹਸਪਤਾਲ ਵਿਚ ਬੈੱਡਾਂ ਦੀ ਘਾਟ ਕਾਰਨ ਇਕ ਬੈੱਡ ’ਤੇ ਦੋ-ਦੋ ਮਰੀਜ਼ ਇਲਾਜ ਅਧੀਨ ਹਨ।
Haryana News: ਉੱਤਰੀ ਭਾਰਤ ਵਿਚ ਗਰਮੀ ਦਾ ਕਹਿਰ ਜਾਰੀ ਅਤੇ ਦਿਨੋਂ ਦਿਨ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ। ਇਸ ਦੇ ਚਲਦਿਆਂ ਸਿਵਲ ਹਸਪਤਾਲ ਵਿਚ ਬੈੱਡਾਂ ਦੀ ਘਾਟ ਕਾਰਨ ਇਕ ਬੈੱਡ ’ਤੇ ਦੋ-ਦੋ ਮਰੀਜ਼ ਇਲਾਜ ਅਧੀਨ ਹਨ। ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਤਾਇਨਾਤ ਡਾਕਟਰ ਮਨੀਸ਼ ਦਿਆਲ ਅਨੁਸਾਰ ਅੱਜ ਗਰਮੀ ਕਾਰਨ ਅੱਧੀ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਲਈ ਉਨ੍ਹਾਂ ਨੇ ਗਰਮੀ ਨੂੰ ਜ਼ਿੰਮੇਵਾਰ ਦਸਿਆ ਹੈ।
ਸਿਵਲ ਹਸਪਤਾਲ ਵਿਚ ਔਰਤਾਂ ਨੇ ਦਸਿਆ ਕਿ 43 ਸਾਲਾ ਪ੍ਰਮੋਦ ਸ਼ੰਕਰ ਦੀ ਫੈਕਟਰੀ ਵਿਚ ਕੰਮ ਕਰਦੇ ਸਮੇਂ ਸਿਹਤ ਵਿਗੜ ਗਈ। ਜਿਵੇਂ ਹੀ ਉਹ ਫੈਕਟਰੀ ਤੋਂ ਬਾਹਰ ਆਇਆ ਤਾਂ ਉਸ ਨੂੰ ਚੱਕਰ ਆਉਣ ਲੱਗੇ, ਪਰਿਵਾਰ ਵਾਲਿਆਂ ਨੇ ਵੀ ਮੌਕੇ 'ਤੇ ਪਹੁੰਚ ਕੇ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲਿਆਂਦਾ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।
ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਤਾਇਨਾਤ ਡਾਕਟਰ ਮਨੀਸ਼ ਦਿਆਲ ਨੇ ਖੁਦ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਿਆਨਕ ਗਰਮੀ ਕਾਰਨ ਇੱਥੇ 5 ਤੋਂ 6 ਦੇ ਕਰੀਬ ਲਾਸ਼ਾਂ ਆਈਆਂ ਸਨ, ਜਿਨ੍ਹਾਂ 'ਚੋਂ ਕਈਆਂ ਨੂੰ ਪੁਲਿਸ ਨੇ ਵੱਖ-ਵੱਖ ਇਲਾਕਿਆਂ ਤੋਂ ਲਿਆਂਦਾ ਸੀ।
ਉਨ੍ਹਾਂ ਕਿਹਾ ਕਿ ਇਸ ਅੱਤ ਦੀ ਗਰਮੀ ਕਾਰਨ ਲੋਕ ਕੰਮ ਕਰਦੇ ਸਮੇਂ ਚੱਕਰ ਖਾ ਕੇ ਹੇਠਾਂ ਡਿੱਗ ਰਹੇ ਹਨ। ਅਜਿਹੇ 'ਚ ਉਨ੍ਹਾਂ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਗਰਮੀ ਕਾਰਨ ਛੋਟੇ ਬੱਚੇ ਉਲਟੀਆਂ ਅਤੇ ਦਸਤ ਤੋਂ ਪੀੜਤ ਹੋ ਕੇ ਸਿਵਲ ਹਸਪਤਾਲ 'ਚ ਲਿਆਂਦੇ ਜਾ ਰਹੇ ਹਨ।