ਪਹਿਲੀਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਕਿਸੇ ਧੜੇ ਨੂੰ ਨਾ ਮਿਲ ਸਕਿਆ ਸਪੱਸ਼ਟ ਬਹੁਮਤ

ਏਜੰਸੀ

ਖ਼ਬਰਾਂ, ਹਰਿਆਣਾ

ਕੁੱਲ 40 ਸੀਟਾਂ ’ਚੋਂ 21 ਆਜ਼ਾਦ ਉਮੀਦਵਾਰ ਜੇਤੂ ਰਹੇ

HSGPC
  • ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਵਾਲੇ ਹਰਿਆਣਾ ਸਿੱਖ ਪੰਥਕ ਦਲ ਦੀ ਬੁਰੀ ਤਰ੍ਹਾਂ ਹਾਰ, ਸਿਰਫ਼ 6 ਉਮੀਦਵਾਰ ਜਿੱਤੇ
  • ਪੰਥਕ ਦਲ (ਝੀਂਡਾ) ਨੂੰ ਸਭ ਤੋਂ ਵੱਧ 10 ਸੀਟਾਂ ਮਿਲੀਆਂ, ਸਿੱਖ ਸਮਾਜ ਸੰਸਥਾ 3 ਸੀਟਾਂ ’ਤੇ ਰਹੀ ਜੇਤੂ
  • ਹਰਿਆਣਾ ਸਰਕਾਰ ਵਲੋਂ ਨਾਮਜ਼ਦ HSGMC ਪੈਨਲ ਵਿਰੁਧ ਸਿੱਖ ਵੋਟਰਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ, ਵੱਡੀ ਗਿਣਤੀ ’ਚ ਹਾਰੇ ਉਮੀਦਵਾਰ

ਚੰਡੀਗੜ੍ਹ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੀਆਂ ਚੋਣਾਂ ਐਤਵਾਰ ਨੂੰ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋ ਗਈਆਂ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ  ਸਖ਼ਤ ਸੁਰੱਖਿਆ ਅਤੇ ਪੁਲਿਸ ਪ੍ਰਬੰਧ ਕੀਤੇ ਗਏ ਸਨ। ਚੋਣਾਂ ’ਚ ਕਿਸੇ ਵੀ ਚੋਣ ਲੜ ਰਹੇ ਸਮੂਹ ਨੂੰ ਕੋਈ ਸਪੱਸ਼ਟ ਬਹੁਮਤ ਦਰਜ ਨਹੀਂ ਕੀਤਾ ਗਿਆ ਸੀ ਅਤੇ ਸਿੱਖ ਵੋਟਰਾਂ ਵਲੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ। ਇਸ HSGMC ਚੋਣਾਂ ’ਚ ਸਿੱਖ ਵੋਟਰਾਂ ਨੇ ਸਰਕਾਰ ਵਲੋਂ  ਨਾਮਜ਼ਦ HSGMC ਪੈਨਲ, ਖਾਸ ਕਰ ਕੇ HSGMC ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰਾਂ ਦੇ ਸਮੂਹ ਵਿਰੁਧ  ਅਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦਾਦੂਵਾਲ ਗਰੁੱਪ ਦੇ ਸਮਰਥਨ ਵਾਲੇ ਜ਼ਿਆਦਾਤਰ ਆਜ਼ਾਦ ਉਮੀਦਵਾਰ ਅੰਬਾਲਾ ਖੇਤਰ ’ਚ ਚੋਣ ਹਾਰ ਗਏ ਹਨ। 

ਅੰਬਾਲਾ ਖੇਤਰ ਤੋਂ ਜਿੱਤਣ ਵਾਲੇ ਚੋਟੀ ਦੇ ਉਮੀਦਵਾਰਾਂ ਵਿਚ ਬਿਲਾਸਪੁਰ ਤੋਂ ਬਲਦੇਵ ਸਿੰਘ ਕੈਮਪੁਰੀ, ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਵਾਲੇ ਸਮੂਹ ਹਰਿਆਣਾ ਸਿੱਖ ਪੰਥਕ ਦਲ (ਐਚ.ਐਸ.ਪੀ.ਡੀ.) ਦੇ ਪ੍ਰਧਾਨ ਅਤੇ ਸਿੱਖ ਸਮਾਜ ਸੰਸਥਾ (ਐਸ.ਐਸ.ਐਸ.) ਦੇ ਪ੍ਰਧਾਨ ਸ਼ਾਹਬਾਦ ਤੋਂ ਦੀਦਾਰ ਸਿੰਘ ਨਲਵੀ ਸ਼ਾਮਲ ਹਨ। 

ਅੰਬਾਲਾ ਜ਼ਿਲ੍ਹੇ ਦੇ ਵਾਰਡ 3 ਨਰਾਇਣਗੜ੍ਹ ਤੋਂ ਐਚ.ਐਸ.ਪੀ.ਡੀ. ਦੇ ਗੁਰਜੀਤ ਸਿੰਘ ਧਮੋਲੀ ਨੇ 2214 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ 4 ਬਰਾੜਾ ਤੋਂ ਦਾਦੂਵਾਲ ਗਰੁੱਪ ਦੇ ਸਮਰਥਨ ਵਾਲੇ ਰਜਿੰਦਰ ਸਿੰਘ ਨੇ 2146 ਵੋਟਾਂ ਨਾਲ ਜਿੱਤ ਹਾਸਲ ਕੀਤੀ। ਅੰਬਾਲਾ-2 ਦੇ ਵਾਰਡ 5 ਤੋਂ ਐਸ.ਐਸ.ਐਸ. ਦੇ ਰੁਪਿੰਦਰ ਸਿੰਘ ਪੰਜੋਖਰਾ ਸਾਹਿਬ ਨੇ 2524 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਦਾਦੂਵਾਲ ਗਰੁੱਪ ਸਮਰਥਿਤ ਉਮੀਦਵਾਰ ਸੁਦਰਸ਼ਨ ਸਿੰਘ ਸਹਿਗਲ ਨੂੰ 1899 ਵੋਟਾਂ ਨਾਲ ਹਰਾਇਆ। ਅੰਬਾਲਾ-1 ਦੇ ਵਾਰਡ 6 ਤੋਂ ਐਸ.ਐਸ.ਐਸ. ਦੇ ਗੁਰਤੇਜ ਸਿੰਘ ਨੇ 5076 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ 7 ਨੱਗਲ ਤੋਂ ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਨੇ 1911 ਵੋਟਾਂ ਨਾਲ ਜਿੱਤ ਹਾਸਲ ਕੀਤੀ। 

ਕੁਰੂਕਸ਼ੇਤਰ ਜ਼ਿਲ੍ਹੇ ਦੇ ਵਾਰਡ 11 ਪਿਹੋਵਾ ਤੋਂ ਪੰਥਕ ਦਲ ਝੀਂਡਾ ਗਰੁੱਪ ਹਰਿਆਣਾ (ਪੀ.ਡੀ.ਜੇ.ਜੀ.ਐਚ.) ਦੇ ਕੁਲਦੀਪ ਸਿੰਘ ਮੁਲਤਾਨੀ ਨੇ 3400 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ 12 ਮੁਰਤਜ਼ਾਪੁਰ ਤੋਂ ਪੀ.ਡੀ.ਜੇ.ਜੀ.ਐਚ. ਦੇ ਇੰਦਰਜੀਤ ਸਿੰਘ ਨੇ 3595 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ 13 ਸ਼ਾਹਾਬਾਦ ਤੋਂ ਐਸ.ਐਸ.ਐਸ. ਦੇ ਦੀਦਾਰ ਸਿੰਘ ਨਲਵੀ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ HSGMC ਦੇ ਬੁਲਾਰੇ ਬੇਅੰਤ ਸਿੰਘ ਨਲਵੀ ਨੂੰ ਹਰਾਇਆ। ਵਾਰਡ 14 ਲਾਡਵਾ ਤੋਂ ਐਚ.ਐਸ.ਪੀ.ਡੀ. ਦੀ ਜਸਬੀਰ ਕੌਰ ਮਸਾਣਾ ਨੇ 2193 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ 15 ਥਾਨੇਸਰ-2 ਅਤੇ ਧੂਰਾਲਾ ਤੋਂ ਆਜ਼ਾਦ ਉਮੀਦਵਾਰ ਹਰਮਨ ਪ੍ਰੀਤ ਸਿੰਘ ਨੇ 4232 ਵੋਟਾਂ ਨਾਲ ਜਿੱਤ ਹਾਸਲ ਕੀਤੀ ਅਤੇ ਉਨ੍ਹਾਂ ਨੇ ਮੌਜੂਦਾ ਸਰਕਾਰ ਵਲੋਂ  ਨਾਮਜ਼ਦ HSGMC ਮੈਂਬਰ ਰਵਿੰਦਰ ਕੌਰ ਅਜਰਾਣਾ ਨੂੰ ਹਰਾਇਆ। 

ਯਮੁਨਾਨਗਰ ਜ਼ਿਲ੍ਹੇ ’ਚ ਐਚ.ਐਸ.ਪੀ.ਸੀ. ਦੇ ਪ੍ਰਧਾਨ ਬਲਦੇਵ ਸਿੰਘ ਕੈਮਪੁਰੀ ਨੇ ਵਾਰਡ 10 ਬਿਲਾਸਪੁਰ ਤੋਂ 2,236 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ 8 ਰਾਦੌਰ ਤੋਂ ਐਚ.ਐਸ.ਪੀ.ਡੀ. ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਗੁਰਬੀਰ ਸਿੰਘ ਛੀਨਾ ਨੇ 2307 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ 9 ਜਗਾਧਰੀ ਤੋਂ ਐਸ.ਐਸ.ਐਸ. ਦੇ ਜੋਗਾ ਸਿੰਘ ਨੇ 2080 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। 

HSGMC ਦੀ 2014 ਦੀ ਸਥਾਪਨਾ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਸਨ। HSGMC ਦੀ ਸਥਾਪਨਾ ਅਸਲ ’ਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਹਰਿਆਣਾ ਭਰ ’ਚ ਸਿੱਖ ਗੁਰਦੁਆਰਿਆਂ ਦੀ ਨਿਗਰਾਨੀ ਲਈ ਕੀਤੀ ਸੀ। ਚੋਣ ਪ੍ਰਕਿਰਿਆ ’ਚ 39 ਵਾਰਡਾਂ ਲਈ 164 ਉਮੀਦਵਾਰ ਚੋਣ ਲੜ ਰਹੇ ਸਨ ਅਤੇ 406 ਪੋਲਿੰਗ ਬੂਥਾਂ ’ਤੇ  ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਸਨ। ਟੋਹਾਣਾ ਤੋਂ ਆਜ਼ਾਦੀ ਉਮੀਦਵਾਰ ਅਮਨਪ੍ਰੀਤ ਕੌਰ ਵਿਰੁਧ ਕੋਈ ਉਮੀਦਵਾਰ ਨਹੀਂ ਉਤਰਿਆ ਜਿਸ ਕਾਰਨ ਉਨ੍ਹਾਂ ਨੂੰ ਜੇਤੂ ਐਲਾਨ ਦਿਤਾ ਗਿਆ ਸੀ। 40 ਚੁਣੇ ਗਏ ਮੈਂਬਰਾਂ ਤੋਂ ਇਲਾਵਾ 9 ਹੋਰ ਮੈਂਬਰ ਨਵੀਂ ਬਣੀ ਗਵਰਨਿਗ ਬਾਡੀ ਵੱਲੋਂ ਨਾਮਜ਼ਦ ਕੀਤੇ ਜਾਣਗੇ। ਸਾਰੇ 49 ਮੈਂਬਰ ਇਸ ਤੋਂ ਬਾਅਦ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਕਰਨਗੇ। ਇਸ ਚੋਣ ਸਮਾਗਮ ਦੀ ਪ੍ਰਧਾਨਗੀ ਜਸਟਿਸ (ਸੇਵਾਮੁਕਤ) ਐਚ.ਐਸ. ਭੱਲਾ ਨੇ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਸਾਰੇ ਸਮੇਂ ਸਖਤ ਸੁਰੱਖਿਆ ਪ੍ਰੋਟੋਕੋਲ ਲਾਗੂ ਕੀਤੇ ਜਾਣ। 

ਅਕਾਲੀ ਦਲ ਤੇ ਸਹਿਯੋਗੀਆਂ ਨੇ 18 ਸੀਟਾਂ ਜਿੱਤੀਆਂ: ਦਲਜੀਤ ਚੀਮਾ 

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਅਤੇ ਉਸ ਦੇ ਗੱਠਜੋੜ ਭਾਈਵਾਲਾਂ ਨੇ 18 ਸੀਟਾਂ ਜਿੱਤੀਆਂ ਹਨ। ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘‘ਇਹ ਜ਼ਿਕਰਯੋਗ ਹੈ ਕਿ ਅਕਾਲੀ ਦਲ ਨੂੰ ਸਿਆਸੀ ਪਾਰਟੀ ਵਜੋਂ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਲਈ ਇਸ ਦੇ ਉਮੀਦਵਾਰਾਂ ਨੂੰ ਹਰਿਆਣਾ ਸਿੱਖ ਪੰਥਕ ਦਲ ਦੇ ਨਾਂ 'ਤੇ ਇਕ ਧਾਰਮਿਕ ਸਮੂਹ ਬਣਾਉਣਾ ਪਿਆ, ਜਿਸ ਨੂੰ ਢੋਲ ਦਾ ਨਵਾਂ ਨਿਸ਼ਾਨ ਅਲਾਟ ਕੀਤਾ ਗਿਆ। ਇਸ ਨੇ ਇਸ ਚੋਣ ਨਿਸ਼ਾਨ 'ਤੇ 6 ਸੀਟਾਂ ਜਿੱਤੀਆਂ ਅਤੇ ਇਸ ਦੇ ਸਮਰਥਕਾਂ ਨੇ ਵੱਖ-ਵੱਖ ਚਿੰਨ੍ਹਾਂ 'ਤੇ ਆਜ਼ਾਦ ਉਮੀਦਵਾਰ ਵਜੋਂ 12 ਹੋਰ ਸੀਟਾਂ ਜਿੱਤੀਆਂ। ਅਸੀਂ ਇਨ੍ਹਾਂ ਸਾਰਿਆਂ ਨਾਲ ਚੋਣਾਂ ਤੋਂ ਪਹਿਲਾਂ ਸਮਝੌਤਾ ਕਰ ਲਿਆ ਸੀ।’’