ਨਕਲੀ ਸ਼ਰਾਬ ਨੂੰ ਰੋਕਣ ਲਈ 'ਦੇਸੀ ਦਾਰੂ' ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ: ਭਾਜਪਾ ਸੰਸਦ ਮੈਂਬਰ
'ਦੇਸੀ ਦਾਰੂ' (ਦੇਸੀ ਸ਼ਰਾਬ) ਦੇ ਉਤਪਾਦਨ ਦੀ ਆਗਿਆ ਦਿੱਤੀ ਜਾਵੇ ਜੋ ਪਹਿਲਾਂ ਜੌਂ, ਅੰਗੂਰ ਅਤੇ ਗੰਨੇ ਦੇ ਰਸ ਤੋਂ ਬਣਾਈ ਜਾਂਦੀ ਸੀ'
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਧਰਮਵੀਰ ਸਿੰਘ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਸਰਕਾਰ ਨੂੰ ਅਪੀਲ ਕੀਤੀ ਕਿ ਨਕਲੀ ਸ਼ਰਾਬ ਨੂੰ ਰੋਕਣ ਲਈ 'ਦੇਸੀ ਦਾਰੂ' (ਦੇਸੀ ਸ਼ਰਾਬ) ਦੇ ਉਤਪਾਦਨ ਦੀ ਆਗਿਆ ਦਿੱਤੀ ਜਾਵੇ ਜੋ ਪਹਿਲਾਂ ਜੌਂ, ਅੰਗੂਰ ਅਤੇ ਗੰਨੇ ਦੇ ਰਸ ਤੋਂ ਬਣਾਈ ਜਾਂਦੀ ਸੀ।
ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ।
ਹਰਿਆਣਾ ਦੇ ਭਿਵਾਨੀ-ਮਹੇਂਦਰਗੜ੍ਹ ਤੋਂ ਲੋਕ ਸਭਾ ਮੈਂਬਰ ਨੇ ਸਦਨ ਵਿੱਚ ਜ਼ੀਰੋ ਆਵਰ ਦੌਰਾਨ ਨਕਲੀ ਸ਼ਰਾਬ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਨਕਲੀ ਸ਼ਰਾਬ ਪੀਣ ਨਾਲ ਬਹੁਤ ਸਾਰੇ ਲੋਕ ਮਰਦੇ ਹਨ। ਉੁਨ੍ਹਾਂ ਨੇ ਕਿਹਾ, “ਪਹਿਲਾਂ ਇਸਨੂੰ 'ਦਾਰੂ-ਦਵਾਈ' ਕਿਹਾ ਜਾਂਦਾ ਸੀ ਜੋ ਜੌਂ, ਅੰਗੂਰ, ਗੰਨੇ ਦੇ ਰਸ ਅਤੇ ਪੌਦਿਆਂ ਤੋਂ ਬਣਾਇਆ ਜਾਂਦਾ ਸੀ। ਉਹੀ ਸ਼ਰਾਬ ਦੁਬਾਰਾ ਬਣਾਈ ਜਾਣੀ ਚਾਹੀਦੀ ਹੈ।"
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸਦੀ ਇਜਾਜ਼ਤ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਕਿਸਾਨਾਂ ਦੀ ਆਮਦਨ ਦੋ ਤੋਂ ਤਿੰਨ ਗੁਣਾ ਵਧੇਗੀ। ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਇਸ ਨਾਲ ਨਕਲੀ ਸ਼ਰਾਬ ਬਣਾਉਣ ਵਾਲਿਆਂ 'ਤੇ ਵੀ ਰੋਕ ਲੱਗੇਗੀ।