Hondh-Chillar massacre: ਹੋਂਦ ਚਿੱਲੜ ਦੇ 41 ਸਾਲਾਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ’ਚ ਨਿਸ਼ਾਨਦੇਹੀ ਹੋਈ ਸਮਾਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

7 ਏਕੜ ਰਕਬੇ ਜ਼ਮੀਨ ਤੇ ਰਾਹਾਂ ਸਮੇਤ ਤਹਿਸੀਲਦਾਰ ਦੀ ਹਾਜ਼ਰੀ ’ਚ ਲਾਏ ਪੱਥਰ : ਭਾਈ ਦਰਸ਼ਨ ਸਿੰਘ ਘੋਲੀਆ

Hondh-Chillar massacre News in punjabi

Hondh-Chillar massacre News in punjabi : ਹਰਿਆਣੇ ਦੇ ਪਿੰਡ ਹੋਂਦ ਚਿੱਲੜ ਵਿਖੇ 18 ਪ੍ਰਵਾਰਾਂ ਦੀ ਸਿੱਖਾਂ ਦੀ ਢਾਹਣੀ, ਜੋ 2 ਨਵੰਬਰ 1984 ਨੂੰ ਸੋਚੀ ਸਮਝੀ ਸਾਜਿਸ਼ ਅਧੀਨ ਵਹਿਸ਼ੀ ਭੀੜ ਨੇ 32 ਸਿੱਖਾਂ ਨੂੰ ਭਾਰੀ ਤਸ਼ੱਦਦ ਤੋਂ ਬਾਅਦ ਕਤਲ ਕਰਨ ਉਪਰੰਤ ਲਾਸ਼ਾਂ ਨੂੰ ਖ਼ੁਰਦ-ਬੁਰਦ ਕਰਨ ਲਈ ਉਥੇ ਨੇੜੇ ਹੀ ਖੂਹ ਵਿਚ ਸੁੱਟ ਕੇ ਉਪਰ ਮਿੱਟੀ ਦਾ ਤੇਲ ਪਾ ਦਿਤਾ ਸੀ, ਇਲਾਕੇ ਦੇ ਧਨਾਢ ਬੰਦਿਆਂ ਨੇ ਹਵੇਲੀਆਂ ਨੂੰ ਢਾਹ ਕੇ ਇਸ ਇਤਿਹਾਸਕ ਸ਼ਹੀਦੀ ਪਿੰਡ ਹੋਂਦ ਚਿੱਲੜ ਨੂੰ ਮਿਟਾਉਣ ਤੇ ਗਿਰਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕੀਤਾ ਅਤੇ ਪੀੜਤ ਪ੍ਰਵਾਰਾਂ ਦੀਆਂ ਜ਼ਮੀਨਾ ਨੂੰ ਅਪਣੇ ਵਿਚ ਵਾਹੀਯੋਗ ਰਲਾ ਲਿਆ ਸੀ। 

ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 2 ਨਵੰਬਰ 1984 ਨੂੰ ਸਿੱਖ ਕਤਲੇਆਮ ਦੇ ਬਾਅਦ ਪੀੜਤ ਪ੍ਰਵਾਰ ਸਹਿਮੇ ਹੋਏ ਅਤੇ ਸਦਮੇ ਵਿਚ ਸਨ, ਜੋ ਵੱਖ-ਵੱਖ ਸੂਬਿਆਂ ਵਿਚ ਅਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਸਨ ਪਰ ਉਨ੍ਹਾਂ ਦੀਆਂ ਵਿਰਾਸਤ ਹਵੇਲੀਆਂ ਅਤੇ ਜ਼ਮੀਨਾਂ ਨੂੰ ਧਨਾਢ ਲੋਕਾਂ ਨੇ ਧੱਕੇ ਨਾਲ ਕਬਜ਼ਾ ਕਰ ਰਖਿਆ ਸੀ, ਅਸੀਂ ਹਰਿਆਣਾ ਡੀ.ਸੀ. ਅਤੇ ਪ੍ਰਸ਼ਾਸਨ ਅਧਿਕਾਰੀਆਂ ਦਾ ਧਨਵਾਦ ਕਰਦੇ ਹਾਂ, ਜਿਨ੍ਹਾਂ ਨੇ ਨਿਰਪੱਖਤਾ ਨਾਲ ਗ੍ਰਾਮ ਪੰਚਾਇਤ ਹੋਂਦ ਚਿੱਲੜ ਦੇ ਸਰਪੰਚ ਰਵੀ ਕੁਮਾਰ ਅਤੇ ਖਾਪ ਪੰਚਾਇਤ ਇਲਾਕੇ ਦੇ ਸਿਰਕੱਢ ਆਗੂਆਂ ਨੇ ਪੂਰਨ ਹਮਾਇਤ ਕੀਤੀ। ਮੌਕੇ ’ਤੇ ਵਿਨਾਸ਼ ਕੁਮਾਰ ਤਹਿਸੀਲਦਾਰ, ਕਾਨੂੰਗੋ ਵਿਜੇ ਸਿੰਘ ਅਤੇ ਪਟਵਾਰੀ ਸਮੇਤ ਨਿਸ਼ਾਨਦੇਹੀ ਕਰਤਾ ਮੁਕੇਸ਼ ਕੁਮਾਰ 7 ਘੰਟੇ ਚਲੀ ਮਿਣਤੀ-ਗਿਣਤੀ ਦੌਰਾਨ ਕਈ ਵਾਰੀ ਤਲਖ਼ੀ ਤੇ ਬਹਿਸ ਵੀ ਹੋਈ ਪਰ 7 ਏਕੜ ਰਕਬੇ ਜ਼ਮੀਨ ਸਮੇਤ ਤਿੰਨ ਤੋਂ 4 ਰਸਤਿਆਂ ਨੂੰ ਵੀ ਕਢਿਆ ਅਤੇ ਗੁਰਦੁਆਰਾ ਸਿੰਘ ਸਭਾ ਦੀ ਜ਼ਮੀਨ ਪੁਰਾਤਨ ਰਿਕਾਰਡ ਮੁਤਾਬਕ ਮਿਲੀ ਅਤੇ ਸ਼ਹੀਦੀ ਖੂਹ ਵੀ ਨਿਕਲਿਆ। 

ਇਸ ਮੌਕੇ ਹਰਿਆਣਾ ਪ੍ਰਸ਼ਾਸਨ ਅਧਿਕਾਰੀਆਂ ਅਤੇ ਨੇੜਲੇ ਖੇਤਾਂ ਵਾਲੇ ਤੇ ਸਰਪੰਚ ਰਵੀ ਕੁਮਾਰ ਦੀ ਮੌਜੂਦਗੀ ਵਿਚ ਨਿਸ਼ਾਨਦੇਹੀ ਕਰ ਕੇ 7 ਫੁੱਟ ਲੰਬੇ ਪੱਥਰ ਲਾਏ ਗਏ ਪਰ 1984 ਤੋਂ ਬਾਅਦ ਕੁੱਝ ਜ਼ਮੀਨ ਕੇਂਦਰੀ ਸਰਕਾਰ ਨਾਮ ਅਤੇ ਕਈਆਂ ਹਿੱਸੇ ਜ਼ਮੀਨ ਹੋਂਦ ਚਿੱਲੜ ਪੰਚਾਇਤ ਮਾਲ ਮਹਿਕਮੇ ਦੇ ਰਿਕਾਰਡ ਵਿਚ ਬੋਲਦੀ ਹੈ। ਇਸ ਮੌਕੇ ਸਰਪੰਚ ਰਵੀ ਕੁਮਾਰ, ਲੇਖ ਰਾਮ, ਮਨਮੋਹਨ ਸਿੰਘ ਮੱਕੜ, ਪੀੜਤ ਗੋਪਾਲ ਸਿੰਘ, ਪੀੜਤ ਸੁਰਜੀਤ ਕੌਰ, ਪੀੜਤ ਹਰਭਜਨ ਸਿੰਘ ਪੀਲੀਬੰਗਾ, ਗੁਰਜੀਤ ਸਿੰਘ ਪਟੌਦੀ ਖਾਪ ਪੰਚਾਇਤ ਦੇ ਆਗੂ ਲਾਲਦੇਵ ਚੌਧਰੀ ਤੇ ਭੀਮ ਚੰਦ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਗੁਰਦਿਆਲ ਸਿੰਘ ਅੰਮਿਤਸਰ ਹਾਜ਼ਰ ਸਨ।