ਹਰਿਆਣਾ ਦੇ ਸਿੱਖਾਂ ਨੂੰ ਇਕਜੁੱਟ ਕਰਨ ਲਈ “ਹਰਿਆਣਾ ਸਿੱਖ ਏਕਤਾ’’ ਦੀ ਸ਼ੁਰੂਆਤ ਕੀਤੀ
8 ਸਤੰਬਰ ਨੂੰ ਕਰਨਾਲ ਵਿਖੇ ਹਰਿਆਣਾ ਸਿੱਖ ਕਾਨਫਰੰਸ ਕੀਤੀ ਜਾਵੇਗੀ
ਕਰਨਾਲ : ਹਰਿਆਣਾ ਦੇ ਸਿੱਖਾਂ ਨੂੰ ਇਕਜੁੱਟ ਕਰਨ ਅਤੇ ਉਨ੍ਹਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੀ ਮੁਹਿੰਮ ਦੇ ਹਿੱਸੇ ਵਜੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਕਰਨਾਲ ਨਗਰੀ ਦੇ ਇਤਿਹਾਸਿਕ ਗੁਰਦੁਆਰਾ ਮੰਜੀ ਸਾਹਿਬ ਤੋਂ ‘ਹਰਿਆਣਾ ਸਿੱਖ ਏਕਤਾ ਦਲ’ ਦੀ ਸ਼ੁਰੂਆਤ ਕੀਤੀ ਗਈ। ਸਿੱਖ ਏਕਤਾ ਦਲ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਗਈ ਉਪਰੰਤ ਹੁਕਮਨਾਮਾ ਲੈ ਕੇ ਜੈਕਾਰਿਆਂ ਦੀ ਗੂੰਜ ਵਿਚ ਸਿੱਖ ਏਕਤਾ ਦਲ ਦੀ ਸ਼ੁਰੂਆਤ ਕੀਤੀ। ਜ਼ਿਕਰਯੋਗ ਹੈ ਪਿਛਲੇ ਹਫ਼ਤੇ ਕਰਨਾਲ ਵਿਖੇ ਹੋਈ ਸੂਬਾ ਪਧਰੀ ਮੀਟਿੰਗ ਅਤੇ ਉਸ ਤੋਂ ਬਾਅਦ ਹਿਸਾਰ, ਫ਼ਤਿਹਾਬਾਦ ਅਤੇ ਸਿਰਸਾ ਵਿਖੇ ਸਿੱਖ ਆਗੂਆਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਤੋਂ ਬਾਅਦ ਅੱਜ ਇਸ ਨਵੀਂ ਸੰਸਥਾ ਦਾ ਐਲਾਨ ਕੀਤਾ।
ਇਸ ਮੌਕੇ ਬਾਬਾ ਗੁਰਮੀਤ ਸਿੰਘ ਗੁਰਦੁਆਰਾ ਰਾਜ ਕਰੇਗਾ ਖਾਲਸਾ, ਬਾਬਾ ਦਿਲਬਾਗ ਸਿੰਘ ਕਾਰ ਸੇਵਾ ਵਾਲੇ, ਬਾਬਾ ਮੇਹਰ ਸਿੰਘ ਨਬੀਬਾਦ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸਿੱਖ ਕੌਮ ਦੇ ਹਿਤ ਵਿਚ ਇਸ ਨਵੀਂ ਜਥੇਬੰਦੀ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ। ਬਾਬਾ ਗੁਰਮੀਤ ਸਿੰਘ ਡਾਚਰ ਵਾਲੇਆ ਨੇ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਹਰਿਆਣਾ ਦੇ ਸਿੱਖਾਂ ਦੀਆਂ ਮੰਗਾਂ ਪ੍ਰਤੀ ਕੋਈ ਵੀ ਧਿਰ ਗੰਭੀਰ ਨਹੀਂ ਹੈ। ਉਨ੍ਹਾਂ ਸਮੁੱਚੇ ਸੂਬੇ ਦੀ ਸਿੱਖ ਕੌਮ ਨੂੰ ਇਕ ਨਿਸ਼ਾਨ ਸਾਹਿਬ ਹੇਠ ਆ ਕੇ ਅਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਇੰਟਰਨੈਸ਼ਨਲ ਸਿੱਖ ਫੋਰਮ ਦੇ ਜਨਰਲ ਸਕੱਤਰ ਪ੍ਰੀਤਪਾਲ ਸਿੰਘ ਪੰਨੂੰ, ਕਿਸਾਨ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਔਲਖ ਨੇ ਐਲਾਨ ਕੀਤਾ ਕਿ 8 ਸਤੰਬਰ ਨੂੰ ਕਰਨਾਲ ਵਿਖੇ ਹਰਿਆਣਾ ਸਿੱਖ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿਚ ਪੂਰੇ ਸੂਬੇ ਤੋਂ ਲੱਖਾਂ ਸਿੱਖ ਸ਼ਿਰਕਤ ਕਰਨਗੇ ਅਤੇ ਅਪਣੀ ਜਾਗਰੂਕਤਾ ਅਤੇ ਅਪਣੇ ਹੱਕਾਂ ਲਈ ਏਕਤਾ ਦਾ ਪ੍ਰਦਰਸ਼ਨ ਕਰਨਗੇ।
ਹਰਿਆਣਾ ਦੇ ਸਿੱਖਾਂ ਦੀਆਂ ਮੁੱਖ ਮੰਗਾਂ ਹਨ
1. ਹਰਿਆਣਾ ਦੀਆਂ 15-20 ਵਿਧਾਨ ਸਭਾ ਸੀਟਾਂ ’ਤੇ ਸਿੱਖ ਵੱਡੀ ਗਿਣਤੀ ’ਚ ਹਨ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਇਥੋਂ ਸਿੱਖ ਉਮੀਦਵਾਰ ਖੜ੍ਹੇ ਕੀਤੇ ਜਾਣ।
2. ਅਗਲੀ ਲੋਕ ਸਭਾ ਵਿਚ ਸਿੱਖ ਕੌਮ ਦੇ ਦੋ ਨੁਮਾਇੰਦਿਆਂ ਨੂੰ ਟਿਕਟਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਹਰਿਆਣੇ ਦੇ ਸਿੱਖ ਭਾਈਚਾਰੇ ਨੂੰ ਰਾਜ ਸਭਾ ਵਿਚ ਵੀ ਨੁਮਾਇੰਦਗੀ ਦਿਤੀ ਜਾਵੇ।
3. ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਅਸਾਮੀਆਂ ਦਿਤੀਆਂ ਜਾਣ, ਜਿਥੇ ਪੰਜਾਬੀ ਅਧਿਆਪਕ ਨਹੀਂ ਹਨ।
4. ਪੰਜਾਬੀ ਸਾਹਿਤ ਅਕੈਡਮੀ ਨੂੰ ਪਹਿਲਾਂ ਵਾਂਗ ਸੁਤੰਤਰ ਚਾਰਜ ਦਿਤਾ ਜਾਵੇ।
5. ਸੋਸ਼ਲ ਮੀਡੀਆ ’ਤੇ ਸਿੱਖ ਧਰਮ ਪ੍ਰਤੀ ਗ਼ਲਤ ਸ਼ਬਦਾਂ ਦੀ ਵਰਤੋਂ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਹਰ ਜ਼ਿਲ੍ਹੇ ਵਿਚ ਐਸਆਈਟੀ ਦਾ ਗਠਨ ਕੀਤਾ ਜਾਵੇ।
6. ਅੰਮ੍ਰਿਤਧਾਰੀ ਬੱਚਿਆਂ ਲਈ ਇਮਤਿਹਾਨਾਂ ਵਿਚ ਕਕਾਰ ਨਾ ਉਤਾਰਨ ਦੀਆਂ ਸਪੱਸ਼ਟ ਹਦਾਇਤਾਂ ਦਿਤੀਆਂ ਜਾਣੇ।
7. ਸੂਬੇ ਵਿਚ ਘੱਟ ਗਿਣਤੀ ਕਮਿਸ਼ਨ ਦਾ ਗਠਨ ਕੀਤਾ ਜਾਵੇ।
8. ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣ।