ਅਭੈ ਚੌਟਾਲਾ ਨੂੰ ਦਿਤੀ ਗਈ ਵਾਈ ਪਲੱਸ ਸੁਰੱਖਿਆ, ਪਟੀਸ਼ਨ ਦਾ ਨਿਬੇੜਾ ਕੀਤਾ

ਏਜੰਸੀ

ਖ਼ਬਰਾਂ, ਹਰਿਆਣਾ

ਇਨੈਲੋ ਦੇ ਸੂਬਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਮਗਰੋਂ ਅਭੈ ਚੌਟਾਲਾ ਨੇ ਜੈੱਡ ਪਲੱਸ ਸ੍ਰੇਣੀ ਦੀ ਸੁਰੱਖਿਆ ਦੀ ਮੰਗ ਕੀਤੀ ਸੀ

Abhay Chautala

ਚੰਡੀਗੜ੍ਹ: ਇਨੈਲੋ ਦੇ ਪ੍ਰਮੁੱਖ ਜਨਰਲ ਸਕੱਤਰ ਅਤੇ ਐਲਨਾਬਾਦ ਤੋਂ ਵਿਧਾਇਕ ਅਭੈ ਚੌਟਾਲਾ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ’ਤੇ ਸੁਰੱਖਿਆ ਦਾ ਰਿਵੀਊ ਕਰ ਕੇ ਹੁਣ ਹਰਿਆਣਾ ਸਰਕਾਰ ਨੇ ਉਨਾਂ ਨੂੰ ਵਾਈ ਪਲੱਸ ਸੁਰੱਖਿਆ ਮੁਹੱਈਆ ਕਰਵਾ ਦਿਤੀ ਹੈ। ਇਹ ਜਾਣਕਾਰੀ ਅਭੈ ਚੌਟਾਲਾ ਵਲੋਂ ਜੈਡ ਪਲੱਸ ਸੁਰੱਖਿਆ ਦੀ ਮੰਗ ਨੂੰ ਲੈ ਕੇ ਹਾਈ ਕੋਰਟ ’ਚ ਦਾਖ਼ਲ ਪਟੀਸ਼ਨ ਦੀ ਸੁਣਵਾਈ ਦੌਰਾਨ ਬੁਧਵਾਰ ਨੂੰ ਦਿਤੀ ਤੇ ਇਸ ਨੂੰ ਰੀਕਾਰਡ ’ਤੇ ਲੈਂਦਿਆਂ ਹਾਈ ਕੋਰਟ ਨੇ ਪਟੀਸ਼ਨ ਦਾ ਨਿਬੇੜਾ ਕਰ ਦਿਤੀ ਹੈ। 

ਇਨੈਲੋ ਦੇ ਸੂਬਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਉਪਰੰਤ ਅਭੈ ਚੌਟਾਲਾ ਨੇ ਕੇਂਦਰੀ ਸੁਰੱਖਿਆ ਏਜੰਸੀ ਰਾਹੀਂ ਜੈੱਡ ਪਲੱਸ ਸ੍ਰੇਣੀ ਦੀ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਅਦਾਲਤ ਨੂੰ ਦਸਿਆ ਸੀ ਕਿ ਸਰਕਾਰ ਚੋਟਾਲਾ ਨੂੰ ਦਰਪੇਸ ਧਮਕੀਆਂ ਅਤੇ ਖਤਰਿਆਂ ਦਾ ਮੁਲਾਂਕਣ ਕਰ ਰਹੀ ਹੈ। ਸਰਕਾਰ ਨੇ ਅਦਾਲਤ ਨੂੰ ਇਸ ਮਾਮਲੇ ਵਿਚ ਅਪਣਾ ਜਵਾਬ ਦਾਖਲ ਕਰਨ ਲਈ ਕੁੱਝ ਸਮਾਂ ਦੇਣ ਲਈ ਕਿਹਾ ਸੀ ਤੇ ਅੱਜ ਦਸਿਆ ਕਿ ਸੁਰੱਖਿਆ ’ਚ ਵਾਧਾ ਕਰ ਦਿਤਾ ਗਿਆ ਹੈ ਤੇ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦੇ ਦਿਤੀ ਗਈ ਹੈ। 

ਜਿਕਰਯੋਗ ਹੈ ਕਿ ਅਭੈ ਚੌਟਾਲਾ ਦੀ ਸੁਰੱਖਿਆ ’ਚ ਭਾਰੀ ਕਟੌਤੀ ਕਰ ਦਿਤੀ ਗਈ ਸੀ, ਇਸ ਉਪਰੰਤ ਉਨਾਂ ਨੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਸੀ ਤੇ ਕੁੱਝ ਮਹੀਨੇ ਪਹਿਲਾਂ ਹੀ ਉਨਾਂ ਦੀ ਸੁਰੱਖਿਆ ਵਧਾਈ ਗਈ ਸੀ ਤੇ ਹੁਣ ਉਨਾਂ ਨੇ ਪਟੀਸ਼ਨ ਦਾਖ਼ਲ ਕਰ ਕੇ ਧਮਕੀਆਂ ਮਿਲਣ ਤੇ ਇਨੈਲੋ ਪ੍ਰਧਾਨ ਦਾ ਕਤਲ ਹੋਣ ਦਾ ਹਵਾਲਾ ਦੇ ਕੇ ਜੈਡ ਪਲੱਸ ਸੁਰੱਖਿਆ ਮੰਗੀ ਸੀ। ਅਪਣੀ ਪਟੀਸਨ ਵਿਚ ਚੌਟਾਲਾ ਨੇ ਹਾਲ ਹੀ ਵਿਚ ਕੁੱਝ ਗੈਂਗਸਟਰਾਂ ਵਲੋਂ ਇਨੈਲੋ ਦੇ ਸੂਬਾ ਪ੍ਰਧਾਨ ਨਫੇੇ ਸਿੰਘ ਰਾਠੀ ਦੀ ਹੱਤਿਆ ਦਾ ਵੀ ਹਵਾਲਾ ਦਿਤਾ ਸੀ। ਅਭੇ ਸਿੰਘ ਅਨੁਸਾਰ 25 ਫ਼ਰਵਰੀ ਨੂੰ ਇਨੈਲੋ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਨਫੇ ਸਿੰਘ ਰਾਠੀ ਦਾ ਇਕ ਗਰੋਹ ਵਲੋਂ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਸੀ । ਰਾਠੀ ਦੇ ਸਰੀਰ ਵਿਚ 11 ਗੋਲੀਆਂ ਲੱਗੀਆਂ ਸਨ। ਪਟੀਸਨ ਮੁਤਾਬਕ ਲੰਦਨ ਸਥਿਤ ਕੁੱਝ ਗੈਂਗਸਟਰਾਂ ਨੇ ਇਨੈਲੋ ਦੇ ਸੂਬਾ ਪ੍ਰਧਾਨ ਦੇ ਕਤਲ ਦੀ ਜਿੰਮੇਵਾਰੀ ਲਈ ਸੀ । 7 ਮਾਰਚ ਨੂੰ, ਉਨਾਂ ਨੇ ਰਾਜ ਸਰਕਾਰ ਨੂੰ ਅਪਣੀ ਅਤੇ ਅਪਣੇ ਪ੍ਰਵਾਰਕ ਮੈਂਬਰਾਂ ਲਈ 24 ਘੰਟੇ ਜੈੱਡ-ਪਲੱਸ ਸ੍ਰੇਣੀ ਦੀ ਸੁਰੱਖਿਆ ਲਈ ਇਕ ਮੰਗ ਚਿੱਠੀ ਸੌਂਪਿਆ ਸੀ।