ਹਰਿਆਣਾ ਸਰਕਾਰ ਨੇ ਚੌਟਾਲਾ ਦੇ ਸਨਮਾਨ ’ਚ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ

ਏਜੰਸੀ

ਖ਼ਬਰਾਂ, ਹਰਿਆਣਾ

ਪੰਜ ਵਾਰ ਮੁੱਖ ਮੰਤਰੀ ਰਹਿ ਚੁਕੇ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਵੱਡੇ ਬੇਟੇ

Om Prakash Chautala

ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਸਨਮਾਨ ’ਚ ਸ਼ੁਕਰਵਾਰ ਤੋਂ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਹਰਿਆਣਾ ਦੇ ਮੁੱਖ ਸਕੱਤਰ ਦੇ ਦਫ਼ਤਰ ਵਲੋਂ ਜਾਰੀ ਹੁਕਮ ’ਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਨੇ 20 ਤੋਂ 22 ਦਸੰਬਰ ਤਕ ਤਿੰਨ ਦਿਨਾਂ ਦਾ ਸਰਕਾਰੀ ਸੋਗ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਸਮੇਂ ਦੌਰਾਨ, ਕੌਮੀ ਝੰਡਾ ਉਨ੍ਹਾਂ ਸਾਰੀਆਂ ਇਮਾਰਤਾਂ ’ਤੇ ਅੱਧਾ ਝੁਕਿਆ ਰਹੇਗਾ ਜਿੱਥੇ ਇਹ ਸੂਬੇ ਭਰ ’ਚ ਨਿਯਮਤ ਤੌਰ ’ਤੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਹੁਕਮ ’ਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਦੇ ਸਾਰੇ ਪ੍ਰੋਗਰਾਮ ਮੁਅੱਤਲ ਰਹਿਣਗੇ। ਹੁਕਮ ਵਿਚ ਕਿਹਾ ਗਿਆ ਹੈ ਕਿ ਹਰਿਆਣਾ ਸਰਕਾਰ ਨੇ ਸਨਿਚਰਵਾਰ ਨੂੰ ਸੂਬਾ ਸਰਕਾਰ ਦੇ ਸਾਰੇ ਦਫਤਰਾਂ ਵਿਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਚੌਟਾਲਾ ਦਾ ਅੰਤਿਮ ਸੰਸਕਾਰ ਐਤਵਾਰ ਦੁਪਹਿਰ 3 ਵਜੇ ਉਨ੍ਹਾਂ ਦੇ ਜੱਦੀ ਜ਼ਿਲ੍ਹੇ ਸਿਰਸਾ ਦੇ ਤੇਜਾ ਖੇੜਾ ਫਾਰਮ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। 

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਦਾ ਸ਼ੁਕਰਵਾਰ ਨੂੰ ਗੁਰੂਗ੍ਰਾਮ ’ਚ ਦਿਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਪਾਰਟੀ ਦੇ ਇਕ ਬੁਲਾਰੇ ਨੇ ਦਸਿਆ ਕਿ ਹਰਿਆਣਾ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁਕੇ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਬੇਟੇ ਚੌਟਾਲਾ ਨੂੰ ਗੁਰੂਗ੍ਰਾਮ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। 

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਦੁਪਹਿਰ ਕਰੀਬ 12 ਵਜੇ ਮੇਦਾਂਤਾ ਹਸਪਤਾਲ ’ਚ ਉਨ੍ਹਾਂ ਦੀ ਮੌਤ ਹੋ ਗਈ। ਚੌਟਾਲਾ, ਜੋ ਹਰਿਆਣਾ ਦੇ ਇਕ ਪ੍ਰਮੁੱਖ ਸਿਆਸੀ ਪਰਵਾਰ ਨਾਲ ਸਬੰਧਤ ਹਨ ਅਤੇ ਇਕ ਪ੍ਰਮੁੱਖ ਖੇਤਰੀ ਸੰਗਠਨ ਦਾ ਚਿਹਰਾ ਸਨ, ਪਿਛਲੇ ਕੁੱਝ ਸਮੇਂ ਤੋਂ ਉਮਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ। 

ਉਨ੍ਹਾਂ ਦੇ ਦੋ ਪੁੱਤਰ ਅਤੇ ਤਿੰਨ ਧੀਆਂ ਹਨ। ਉਨ੍ਹਾਂ ਦੀ ਪਤਨੀ ਸਨੇਹ ਲਤਾ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੌਟਾਲਾ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ ਹੈ। 

ਚੌਟਾਲਾ ਦੇ ਦਿਹਾਂਤ ’ਤੇ ਦੁੱਖ ਜ਼ਾਹਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘‘ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਜੀ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਉਹ ਸਾਲਾਂ ਤਕ ਸੂਬੇ ਦੀ ਸਿਆਸਤ ’ਚ ਸਰਗਰਮ ਰਹੇ ਅਤੇ ਚੌਧਰੀ ਦੇਵੀ ਲਾਲ ਜੀ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਨਿਰੰਤਰ ਯਤਨ ਕੀਤੇ। ਦੁੱਖ ਦੀ ਇਸ ਘੜੀ ’ਚ ਉਨ੍ਹਾਂ ਦੇ ਪਰਵਾਰ ਅਤੇ ਸਮਰਥਕਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ।’’

ਸੈਣੀ ਨੇ ਕਿਹਾ ਕਿ ਇਨੈਲੋ ਸੁਪਰੀਮੋ ਦਾ ਦੇਹਾਂਤ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ, ‘‘ਇਨੈਲੋ ਸੁਪਰੀਮੋ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦਾ ਦੇਹਾਂਤ ਬਹੁਤ ਦੁਖਦਾਈ ਹੈ। ਉਨ੍ਹਾਂ ਨੂੰ ਮੇਰੀ ਨਿਮਰ ਸ਼ਰਧਾਂਜਲੀ। ਉਨ੍ਹਾਂ ਨੇ ਸਾਰੀ ਉਮਰ ਰਾਜ ਅਤੇ ਸਮਾਜ ਦੀ ਸੇਵਾ ਕੀਤੀ। ਇਹ ਦੇਸ਼ ਅਤੇ ਹਰਿਆਣਾ ਰਾਜ ਦੀ ਰਾਜਨੀਤੀ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੈਂ ਭਗਵਾਨ ਰਾਮ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿਚ ਜਗ੍ਹਾ ਦੇਣ ਅਤੇ ਦੁਖੀ ਪਰਵਾਰ ਨੂੰ ਇਸ ਦੁੱਖ ਨੂੰ ਸਹਿਣ ਕਰਨ ਦੀ ਤਾਕਤ ਦੇਣ। ਓਹ ਸ਼ਾਂਤੀ।’’ 

ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, ‘‘ਮੈਨੂੰ ਯਾਦ ਹੈ ਕਿ ਜਦੋਂ ਚੌਟਾਲਾ ਮੁੱਖ ਮੰਤਰੀ ਸਨ ਤਾਂ ਮੈਂ ਹਰਿਆਣਾ ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਨੇਤਾ ਸੀ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਬਹੁਤ ਸਾਰੀਆਂ ਚੰਗੀਆਂ ਯਾਦਾਂ ਜੁੜੀਆਂ ਹੋਈਆਂ ਹਨ, ਉਹ ਅਪਣੇ ਵੱਡੇ ਭਰਾ ਵਰਗੇ ਸਨ।  ਕਾਂਗਰਸ ਨੇਤਾ ਰਣਦੀਪ ਸਿੰਘ ਹੁੱਡਾ ਅਤੇ ਕੁਮਾਰੀ ਸ਼ੈਲਜਾ ਨੇ ਵੀ ਚੌਟਾਲਾ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ। 

ਓਮ ਪ੍ਰਕਾਸ਼ ਚੌਟਾਲਾ ਦਾ ਜਨਮ 1 ਜਨਵਰੀ 1935 ਨੂੰ ਹੋਇਆ ਸੀ ਅਤੇ ਉਹ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪੰਜ ਬੱਚਿਆਂ ਵਿਚੋਂ ਸੱਭ ਤੋਂ ਵੱਡੇ ਸਨ। ਚੌਟਾਲਾ ਨੇ ਪ੍ਰਾਇਮਰੀ ਸਿੱਖਿਆ ਤੋਂ ਬਾਅਦ ਸਕੂਲ ਛੱਡ ਦਿਤਾ। ਸਾਲ 2013 ’ਚ ਜਦੋਂ ਚੌਟਾਲਾ ਅਧਿਆਪਕ ਭਰਤੀ ਘਪਲੇ ਦੇ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਸਨ ਤਾਂ ਉਨ੍ਹਾਂ ਨੇ 82 ਸਾਲ ਦੀ ਉਮਰ ’ਚ 10ਵੀਂ ਅਤੇ ਫਿਰ 12ਵੀਂ ਦੀ ਇਮਤਿਹਾਨ ਪਾਸ ਕੀਤੀ ਸੀ। 

ਉਸ ਨੂੰ ਅਧਿਆਪਕ ਭਰਤੀ ਘਪਲੇ ਦੇ ਮਾਮਲੇ ’ਚ 2013 ’ਚ ਜੇਲ੍ਹ ਭੇਜਿਆ ਗਿਆ ਸੀ ਅਤੇ 2021 ’ਚ ਰਿਹਾਅ ਕੀਤਾ ਗਿਆ ਸੀ। ਚੌਟਾਲਾ, ਉਨ੍ਹਾਂ ਦੇ ਬੇਟੇ ਅਜੈ ਚੌਟਾਲਾ ਅਤੇ ਆਈ.ਏ.ਐਸ. ਅਧਿਕਾਰੀ ਸੰਜੀਵ ਕੁਮਾਰ ਸਮੇਤ 53 ਹੋਰਾਂ ਨੂੰ 2000 ’ਚ 3,206 ਜੂਨੀਅਰ ਬੇਸਿਕ ਅਧਿਆਪਕਾਂ ਦੀ ਗੈਰਕਾਨੂੰਨੀ ਭਰਤੀ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਜ਼ਾ ਸੁਣਾਈ ਗਈ ਸੀ। 

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੇ ਛੋਟੇ ਬੇਟੇ ਅਭੈ ਸਿੰਘ ਚੌਟਾਲਾ ਇਨੈਲੋ ਦੇ ਸੀਨੀਅਰ ਨੇਤਾ ਹਨ, ਜਦਕਿ ਵੱਡੇ ਬੇਟੇ ਅਜੈ ਸਿੰਘ ਚੌਟਾਲਾ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਮੁਖੀ ਹਨ। ਜੇ.ਜੇ.ਪੀ. ਦਾ ਜਨਮ ਦਸੰਬਰ 2018 ’ਚ ਪਰਵਾਰ ਕ ਝਗੜੇ ਤੋਂ ਬਾਅਦ ਪਾਰਟੀ ’ਚ ਵੰਡ ਤੋਂ ਬਾਅਦ ਹੋਇਆ ਸੀ। ਅਭੈ ਚੌਟਾਲਾ ਦੇ ਬੇਟੇ ਅਰਜੁਨ ਚੌਟਾਲਾ ਹਰਿਆਣਾ ਦੇ ਵਿਧਾਇਕ ਹਨ ਜਦਕਿ ਅਜੇ ਚੌਟਾਲਾ ਦੇ ਬੇਟੇ ਦੁਸ਼ਯੰਤ ਅਤੇ ਦਿਗਵਿਜੇ ਜੇਜੇਪੀ ਨੇਤਾ ਹਨ। ਦੁਸ਼ਯੰਤ ਚੌਟਾਲਾ ਹਰਿਆਣਾ ਦੇ ਉਪ ਮੁੱਖ ਮੰਤਰੀ ਵੀ ਰਹਿ ਚੁਕੇ ਹਨ। ਚੌਟਾਲਾ ਦੀ ਪਾਰਟੀ ਇਨੈਲੋ ਵੀ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਹਿਯੋਗੀ ਰਹੀ ਸੀ। ਇਨੈਲੋ 2005 ਤੋਂ ਹਰਿਆਣਾ ’ਚ ਸੱਤਾ ਤੋਂ ਬਾਹਰ ਹੈ।