ਜੀਂਦ ’ਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਟਕਰਾਅ, ਕਿਸਾਨਾਂ ਨੇ ਮਿਰਚਾਂ ਪਾ ਕੇ ਪਰਾਲੀ ਨੂੰ ਅੱਗ ਲਾਈ

ਏਜੰਸੀ

ਖ਼ਬਰਾਂ, ਹਰਿਆਣਾ

ਤਲਵਾਰਾਂ, ਨੇਜਿਆਂ ਅਤੇ ਗੰਡਾਸਿਆਂ ਦੇ ਹਮਲੇ ’ਚ 12 ਪੁਲਿਸ ਮੁਲਾਜ਼ਮ ਜ਼ਖ਼ਮੀ 

Representative Image.

ਜੀਂਦ (ਹਰਿਆਣਾ): ਹਰਿਆਣਾ ਦੇ ਦਾਤਾਸਿੰਘਵਾਲਾ-ਖਨੌਰੀ ਸਰਹੱਦ ’ਤੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਦਿੱਲੀ ਵਲ ਮਾਰਚ ਕਰ ਰਹੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾ ਦਿਤੀ ਅਤੇ ਪੁਲਿਸ ਫੋਰਸ ’ਤੇ ਤਲਵਾਰਾਂ, ਨੇਜਿਆਂ ਅਤੇ ਗੰਡਾਸਿਆਂ ਨਾਲ ਹਮਲਾ ਕਰ ਦਿਤਾ, ਜਿਸ ’ਚ 12 ਪੁਲਿਸ ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਪੁਲਿਸ ਸੁਪਰਡੈਂਟ ਸੁਮਿਤ ਕੁਮਾਰ ਨੇ ਦਸਿਆ ਕਿ ਕਿਸਾਨ ਅੰਦੋਲਨ ਦੌਰਾਨ ਸ਼ਰਾਰਤੀ ਅਨਸਰਾਂ ਨੇ ਝੋਨੇ ਦੀ ਪਰਾਲੀ ’ਚ ਮਿਰਚਾਂ ਪਾ ਕੇ ਅੱਗ ਲਾ ਦਿਤੀ ਅਤੇ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰ ਦਿਤਾ। ਉਨ੍ਹਾਂ ਕਿਹਾ ਕਿ ਪਰਾਲੀ ਦੇ ਨਾਲ-ਨਾਲ ਤੇਜ਼ ਧੂੰਆਂ ਅਤੇ ਮਿਰਚਾਂ ਸਾੜਨ ਦੀ ਤਿੱਖੀ ਬਦਬੂ ਨੇ ਸੁਰੱਖਿਆ ਬਲਾਂ ਲਈ ਬਹੁਤ ਪ੍ਰੇਸ਼ਾਨੀ ਦਾ ਕਾਰਨ ਬਣਾਇਆ। 

ਉਨ੍ਹਾਂ ਦਸਿਆ ਕਿ ਤਲਵਾਰਾਂ, ਨੇਜੇ ਅਤੇ ਗੰਡਾਸਿਆਂ ਨਾਲ ਲੈਸ ਕੁੱਝ ਪ੍ਰਦਰਸ਼ਨਕਾਰੀਆਂ ਨੇ ਪੁਲਿਸ ’ਤੇ ਹਮਲਾ ਕੀਤਾ, ਜਿਸ ’ਚ 12 ਪੁਲਿਸ ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਕੁਮਾਰ ਨੇ ਦਸਿਆ ਕਿ ਦੋ ਪੁਲਿਸ ਮੁਲਾਜ਼ਮਾਂ ਨੂੰ ਰੋਹਤਕ ਦੇ ਪੀ.ਜੀ.ਆਈ. ਰੈਫਰ ਕਰ ਦਿਤਾ ਗਿਆ ਹੈ। 

ਚਸ਼ਮਦੀਦਾਂ ਨੇ ਦਸਿਆ ਕਿ ਕਿਸਾਨਾਂ ਅਤੇ ਪੁਲਿਸ ਫੋਰਸ ਵਿਚਾਲੇ ਦਿਨ ਭਰ ਸਥਿਤੀ ਤਣਾਅਪੂਰਨ ਬਣੀ ਰਹੀ। ਕਿਸਾਨਾਂ ਕੋਲ ਬਖਤਰਬੰਦ ਟਰੈਕਟਰ ਟਰਾਲੀਆਂ ਸਨ ਜਿਨ੍ਹਾਂ ’ਚ ਨੇਜੇ, ਗੰਡਾਸੇ ਅਤੇ ਡੰਡੇ ਸਨ। ਉਨ੍ਹਾਂ ਨੇ ਸਵੈ-ਰੱਖਿਆ ਲਈ ਤਸਲਿਆਂ ਦਾ ਪ੍ਰਯੋਗ ਕੀਤਾ।