ਕੁਰੂਕਸ਼ੇਤਰ ਦੇ ਵਿਅਕਤੀ ਦੀ ਫਰਾਂਸ ਵਿੱਚ ਮੌਤ, ਕੰਮ ਦੀ ਭਾਲ ਵਿਚ 5 ਸਾਲ ਪਹਿਲਾਂ ਗਿਆ ਸੀ ਵਿਦੇਸ਼
ਦੋ ਧੀਆਂ ਦੇ ਪਿਤਾ ਨੂੰ ਕੰਮ 'ਤੇ ਜਾਂਦੇ ਸਮੇਂ ਪਿਆ ਦਿਲ ਦਾ ਦੌਰਾ
ਹਰਿਆਣਾ ਦੇ ਕੁਰੂਕਸ਼ੇਤਰ ਦੇ ਇੱਕ ਵਿਅਕਤੀ ਦੀ ਫਰਾਂਸ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਵਿਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਭਾਰਤ ਵਾਪਸ ਲਿਆਂਦੀ ਜਾਵੇ। ਪਰਿਵਾਰ ਨੂੰ ਬੀਤੇ ਦਿਨ ਪੁੱਤ ਦੀ ਮੌਤ ਦੀ ਸੂਚਨਾ ਦਿੱਤੀ ਗਈ।
ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ ਉਰਫ਼ ਸੋਨੂੰ (35) ਵਜੋਂ ਹੋਈ ਹੈ, ਜੋ ਕਿ ਇਸਮਾਈਲਾਬਾਦ ਦੇ ਨਾਰਾਇਣਗੜ੍ਹ ਮੁਹੱਲਾ ਦਾ ਰਹਿਣ ਵਾਲਾ ਸੀ। ਗੁਰਮੇਲ ਸਿੰਘ ਫਰਾਂਸ ਦੇ ਪੈਰਿਸ ਵਿੱਚ ਰਹਿੰਦਾ ਸੀ ਅਤੇ ਪੇਂਟਰ ਦਾ ਕੰਮ ਕਰਦਾ ਸੀ। ਸੋਨੂੰ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਧੀਆਂ ਛੱਡ ਗਿਆ ਹੈ। ਗੁਰਮੇਲ ਲਗਭਗ ਪੰਜ ਸਾਲ ਪਹਿਲਾਂ ਫਰਾਂਸ ਗਿਆ ਸੀ।
ਮ੍ਰਿਤਕ ਦੇ ਦੋਸਤ ਲਖਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਦੋਸਤ 2021 ਵਿੱਚ ਕੰਮ ਦੀ ਭਾਲ ਵਿੱਚ ਫਰਾਂਸ ਗਿਆ ਸੀ। ਉਹ ਲਗਭਗ ਤਿੰਨ ਮਹੀਨੇ ਪਹਿਲਾਂ ਛੁੱਟੀ 'ਤੇ ਘਰ ਆਇਆ ਸੀ। ਦੋ-ਤਿੰਨ ਮਹੀਨਿਆਂ ਬਾਅਦ, ਉਸ ਨੇ 2 ਮਾਰਚ ਨੂੰ ਫਲਾਈਟ ਰਾਹੀਂ ਫਰਾਂਸ ਵਾਪਸ ਜਾਣਾ ਸੀ।
ਪਰ ਈਰਾਨ-ਇਜ਼ਰਾਈਲ ਤਣਾਅ ਦੇ ਕਾਰਨ ਉਸ ਦੀ ਉਡਾਣ ਰੱਦ ਹੋ ਗਈ। ਫਿਰ ਗੁਰਮੇਲ ਨੇ 11 ਮਾਰਚ ਲਈ ਆਪਣੀ ਉਡਾਣ ਬੁੱਕ ਕੀਤੀ, ਅਤੇ ਉਸੇ ਦਿਨ ਫਰਾਂਸ ਵਾਪਸ ਆ ਚਲਾ ਗਿਆ। ਜਾਣ ਤੋਂ ਪਹਿਲਾਂ, ਉਸ ਨੇ ਦੀਵਾਲੀ 'ਤੇ ਘਰ ਵਾਪਸ ਆਉਣ ਦਾ ਵਾਅਦਾ ਕੀਤਾ ਸੀ।
ਪਰ 19 ਮਾਰਚ ਨੂੰ ਗੁਰਮੇਲ ਪੈਰਿਸ ਵਿੱਚ ਕੰਮ ਕਰਨ ਜਾ ਰਿਹਾ ਸੀ ਕਿ ਉਸ ਨੂੰ ਰਸਤੇ ਵਿੱਚ ਦਿਲ ਦਾ ਦੌਰਾ ਪਿਆ ਅਤੇ ਉਹ ਸੜਕ 'ਤੇ ਡਿੱਗ ਪਿਆ। ਰਾਹਗੀਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।