Internet Suspension in Nuh: ਹਰਿਆਣਾ ਦੇ ਨੂਹ 'ਚ ਇੰਟਰਨੈੱਟ-SMS ਸੇਵਾਵਾਂ 24 ਘੰਟੇ ਲਈ ਬੰਦ
ਸਰਕਾਰ ਨੇ ਬ੍ਰਜ ਮੰਡਲ ਜਲਾਭਿਸ਼ੇਕ ਯਾਤਰਾ 'ਚ ਸੁਰੱਖਿਆ ਦੇ ਮੱਦੇਨਜ਼ਰ ਲਿਆ ਇਹ ਫੈਸਲਾ
Internet Suspension in Nuh : ਹਰਿਆਣਾ ਸਰਕਾਰ ਨੇ ਐਤਵਾਰ ਨੂੰ ਅਗਲੇ 24 ਘੰਟਿਆਂ ਲਈ ਨੂਹ ਜ਼ਿਲ੍ਹੇ ਵਿੱਚ ਮੋਬਾਈਲ ਇੰਟਰਨੈਟ ਅਤੇ ਬਲਕ ਐਸਐਮਐਸ ਸੇਵਾਵਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਬ੍ਰਜ ਮੰਡਲ ਜਲਾਭਿਸ਼ੇਕ ਯਾਤਰਾ 'ਚ ਸੁਰੱਖਿਆ ਦੇ ਮੱਦੇਨਜ਼ਰ ਐਤਵਾਰ ਨੂੰ ਇਹ ਫੈਸਲਾ ਲਿਆ ਹੈ।
ਹਰਿਆਣਾ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਅਨੁਰਾਗ ਰਸਤੋਗੀ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾ ਐਤਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸ਼ਾਮ 6 ਵਜੇ ਤੱਕ ਮੁਅੱਤਲ ਰਹੇਗੀ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਨੂਹ ਜ਼ਿਲ੍ਹੇ ਵਿੱਚ ਤਣਾਅ, ਵਿਵਾਦ, ਅੰਦੋਲਨ, ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਜਨਤਕ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਆਸ਼ੰਕਾ ਹੈ।
ਮੁਅੱਤਲੀ ਦੇ ਹੁਕਮ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਵਟਸਐਪ, ਫੇਸਬੁੱਕ, ਟਵਿੱਟਰ ਆਦਿ ਰਾਹੀਂ ਗਲਤ ਜਾਣਕਾਰੀ ਅਤੇ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਦਿੱਤੇ ਗਏ ਹਨ। ਇਸ ਦੌਰਾਨ ਨੂਹ ਪੁਲਿਸ ਨੇ ਦੱਸਿਆ ਕਿ ਯਾਤਰਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਦੱਸ ਦੇਈਏ ਕਿ ਪਿਛਲੇ ਸਾਲ 31 ਜੁਲਾਈ ਨੂੰ ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਇਸ ਯਾਤਰਾ ਨੂੰ ਭੀੜ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਵਿਚ 5 ਲੋਕ ਅਤੇ ਦੋ ਹੋਮਗਾਰਡ ਮਾਰੇ ਗਏ ਅਤੇ ਕਈ ਪੁਲਿਸ ਕਰਮਚਾਰੀਆਂ ਸਮੇਤ ਘੱਟੋ-ਘੱਟ 15 ਹੋਰ ਜ਼ਖਮੀ ਹੋ ਗਏ ਸਨ।
ਬ੍ਰਜ ਮੰਡਲ ਜਲਾਭਿਸ਼ੇਕ ਯਾਤਰਾ ਦੌਰਾਨ ਭੀੜ ਨੇ ਪਥਰਾਅ ਕੀਤਾ ਅਤੇ ਕਾਰਾਂ ਨੂੰ ਵੀ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਉਸੇ ਰਾਤ ਗੁਰੂਗ੍ਰਾਮ ਵਿੱਚ ਭੀੜ ਨੇ ਇੱਕ ਮਸਜਿਦ 'ਤੇ ਹਮਲਾ ਕਰ ਦਿੱਤਾ ਅਤੇ ਇਸ ਦੇ ਨਾਇਬ ਇਮਾਮ ਨੂੰ ਮਾਰ ਦਿੱਤਾ, ਇਸ ਝੜਪ ਤੋਂ ਬਾਅਦ ਦੰਗੇ ਭੜਕ ਗਏ। ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।