Ashish Mishra News: ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਅੰਤਰਿਮ ਜ਼ਮਾਨਤ ਬਰਕਰਾਰ, 4 ਹਫ਼ਤਿਆਂ ਬਾਅਦ ਹੋਵੇਗੀ ਸੁਣਵਾਈ

ਏਜੰਸੀ

ਖ਼ਬਰਾਂ, ਹਰਿਆਣਾ

ਆਸ਼ੀਸ਼ ਮਿਸ਼ਰਾ ਨੇ ਰੈਗੂਲਰ ਜ਼ਮਾਨਤ ਨੂੰ ਲੈ ਕੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਇਸ ਦੀ ਸੁਣਵਾਈ ਚੱਲ ਰਹੀ ਹੈ।

Ashish Mishra

Ashish Mishra News: ਨਵੀਂ ਦਿੱਲੀ - ਸੁਪਰੀਮ ਕੋਰਟ ਨੇ 2021 'ਚ ਕਿਸਾਨ ਅੰਦੋਲਨ ਦੌਰਾਨ ਲਖੀਮਪੁਰ ਖੇੜੀ 'ਚ ਹੋਏ ਵਿਵਾਦ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਅੰਤਰਿਮ ਜ਼ਮਾਨਤ ਨੂੰ ਅਗਲੀ ਸੁਣਵਾਈ ਤੱਕ ਬਰਕਰਾਰ ਰੱਖਿਆ ਹੈ। ਆਸ਼ੀਸ਼ ਮਿਸ਼ਰਾ ਨੇ ਰੈਗੂਲਰ ਜ਼ਮਾਨਤ ਨੂੰ ਲੈ ਕੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਇਸ ਦੀ ਸੁਣਵਾਈ ਚੱਲ ਰਹੀ ਹੈ।

ਕੇਸ ਦੀ ਸੁਣਵਾਈ ਦੌਰਾਨ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਹੈ ਕਿ ਆਸ਼ੀਸ਼ ਮਿਸ਼ਰਾ ਨੇ ਯੂਪੀ ਜਾ ਕੇ ਲੋਕਾਂ ਨੂੰ ਟਰਾਈਸਾਈਕਲ ਵੰਡ ਕੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਅਤੇ ਉਨ੍ਹਾਂ ਕੋਲ ਇਸ ਦੇ ਸਬੂਤ ਵੀ ਹਨ। ਵਕੀਲ ਪ੍ਰਸ਼ਾਂਤ ਭੂਸ਼ਣ ਦੀ ਇਸ ਦਲੀਲ ਦਾ ਆਸ਼ੀਸ਼ ਮਿਸ਼ਰਾ ਦੇ ਵਕੀਲ ਨੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਆਸ਼ੀਸ਼ ਮਿਸ਼ਰਾ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਤਾਂ ਇਹ ਗੰਭੀਰ ਮਾਮਲਾ ਹੈ।

ਸੁਪਰੀਮ ਕੋਰਟ ਨੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਇਸ ਮਾਮਲੇ ਵਿਚ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਯੂਪੀ ਦੇ ਟਰਾਇਲ ਜੱਜ ਵੱਲੋਂ 20 ਅਪ੍ਰੈਲ ਨੂੰ ਭੇਜੀ ਗਈ ਰਿਪੋਰਟ ਦੀ ਪੜਚੋਲ ਕੀਤੀ ਗਈ ਹੈ। ਹੇਠਲੀ ਅਦਾਲਤ ਦੇ ਜੱਜ ਦੁਆਰਾ ਮੁਸ਼ਕਲ ਜ਼ਾਹਰ ਕੀਤੀ ਗਈ ਹੈ ਕਿਉਂਕਿ ਦੋ ਗਵਾਹਾਂ ਨੇ ਕਿਹਾ ਹੈ ਕਿ ਉਹ ਖ਼ਰਾਬ ਸਿਹਤ ਕਾਰਨ ਗਵਾਹੀ ਦੇਣ ਲਈ ਤਿਆਰ ਨਹੀਂ ਹਨ ਅਤੇ ਸਰਕਾਰੀ ਵਕੀਲ ਨੇ ਬਾਅਦ ਵਿਚ ਹੇਠਲੀ ਅਦਾਲਤ ਨੂੰ ਸਹਿਯੋਗ ਨਹੀਂ ਦਿੱਤਾ।  

ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਰਕਾਰੀ ਵਕੀਲ ਅਤੇ ਪੁਲਿਸ ਨੂੰ ਗਵਾਹਾਂ ਦੀ ਮੌਜੂਦਗੀ ਯਕੀਨੀ ਬਣਾਉਣ ਲਈ ਪ੍ਰਭਾਵੀ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਹੇਠਲੀ ਅਦਾਲਤ ਦਾ ਸਮਾਂ ਬਰਬਾਦ ਨਾ ਹੋਵੇ। ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਤੇਜ਼ ਕਰਨ ਲਈ ਵੀ ਕਿਹਾ ਹੈ। ਸੁਪਰੀਮ ਕੋਰਟ ਹੁਣ ਇਸ ਮਾਮਲੇ ਦੀ ਸੁਣਵਾਈ 4 ਹਫ਼ਤਿਆਂ ਬਾਅਦ ਕਰੇਗਾ। ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਨੂੰ ਸ਼ਰਤਾਂ ਦੇ ਨਾਲ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।