Haryana News: ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਛੁੱਟੀ; ਡੀਜੀਪੀ ਨੇ ਜਾਰੀ ਕੀਤੇ ਹੁਕਮ
ਲਿਖਿਆ, ਜੇਕਰ ਐਮਰਜੈਂਸੀ ਹੋਵੇ ਤਾਂ ਹੀ ਛੁੱਟੀ ਮੰਗੋ
Haryana News: ਹਰਿਆਣਾ ਪੁਲਿਸ ਵਿਭਾਗ 'ਚ ਛੁੱਟੀਆਂ 'ਤੇ ਪਾਬੰਦੀ ਲਗਾ ਦਿਤੀ ਗਈ ਹੈ। ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਸ਼ਤਰੂਜੀਤ ਕਪੂਰ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਪਾਬੰਦੀ ਜੂਨ ਅਤੇ ਜੁਲਾਈ ਤਕ ਰਹੇਗੀ।
ਦਰਅਸਲ, ਜ਼ਿਲ੍ਹਿਆਂ ਵਿਚ ਤਾਇਨਾਤ ਆਈਪੀਐਸ ਅਧਿਕਾਰੀਆਂ ਅਤੇ ਨਿਗਰਾਨ ਅਧਿਕਾਰੀਆਂ ਵਲੋਂ ਪੁਲਿਸ ਹੈੱਡਕੁਆਰਟਰ ਨੂੰ ਲਗਾਤਾਰ ਛੁੱਟੀ ਲਈ ਅਰਜ਼ੀਆਂ ਭੇਜੀਆਂ ਜਾ ਰਹੀਆਂ ਹਨ ਕਿਉਂਕਿ ਕੇਂਦਰ ਦੇ ਤਿੰਨ ਨਵੇਂ ਕਾਨੂੰਨ ਸੂਬੇ ਵਿਚ 1 ਜੁਲਾਈ ਤੋਂ ਲਾਗੂ ਹੋ ਰਹੇ ਹਨ, ਰਾਜ ਪੁਲਿਸ ਨੇ ਅਧਿਕਾਰੀਆਂ ਨੂੰ 31 ਜੁਲਾਈ ਤਕ ਐਮਰਜੈਂਸੀ ਤੋਂ ਇਲਾਵਾ ਛੁੱਟੀ ਨਾ ਲੈਣ ਦੀ ਅਪੀਲ ਕੀਤੀ ਹੈ।
ਰਾਜ ਦੇ ਪੁਲਿਸ ਮੁਖੀ ਡੀਜੀਪੀ ਸ਼ਤਰੂਜੀਤ ਕਪੂਰ ਨੇ ਬਸਤੀਵਾਦੀ ਯੁੱਗ ਦੇ ਭਾਰਤੀ ਦੰਡਾਵਲੀ (ਆਈਪੀਸੀ), ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ (ਸੀਆਰਪੀਸੀ) ਅਤੇ ਭਾਰਤੀ ਸਬੂਤ ਐਕਟ 1872, ਦੀ ਥਾਂ ਲੈਣ ਵਾਲੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਛੁੱਟੀ 'ਤੇ ਜਾਣ 'ਤੇ ਪਾਬੰਦੀ ਲਗਾ ਦਿਤੀ ਹੈ। ਇਹ ਕਾਨੂੰਨ 1 ਜੁਲਾਈ ਤੋਂ ਦੇਸ਼ 'ਚ ਲਾਗੂ ਹੋਣ ਜਾ ਰਹੇ ਹਨ।
ਰਾਜ ਪੁਲਿਸ ਨੇ ਇਹ ਉਪਾਅ ਇਹ ਸੁਨਿਸ਼ਚਿਤ ਕਰਨ ਲਈ ਕੀਤਾ ਹੈ ਕਿ ਨਿਗਰਾਨ ਅਧਿਕਾਰੀ ਦਫਤਰ ਅਤੇ ਖੇਤਰ ਵਿਚ ਮੌਜੂਦ ਰਹਿਣ ਤਾਂ ਜੋ ਤਬਦੀਲੀਆਂ ਦੇ ਮੱਦੇਨਜ਼ਰ ਪੈਦਾ ਹੋਣ ਵਾਲੀਆਂ ਕਈ ਅਣਕਿਆਸੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ।
ਭਾਵੇਂ ਡੀਜੀਪੀ ਨੇ ਹਰਿਆਣਾ ਪੁਲਿਸ ਵਿਭਾਗ ਵਿਚ ਛੁੱਟੀ ’ਤੇ ਰੋਕ ਲਗਾ ਦਿਤੀ ਹੈ ਪਰ ਸੂਬੇ ਦੇ 8 ਆਈਪੀਐਸ ਅਧਿਕਾਰੀ ਇਸ ਵੇਲੇ ਛੁੱਟੀ ’ਤੇ ਹਨ। ਇਨ੍ਹਾਂ ਵਿਚ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰ, ਆਈਜੀਪੀ, ਇਥੋਂ ਤਕ ਕਿ ਐਸਪੀ ਵੀ ਸ਼ਾਮਲ ਹਨ। ਆਈਪੀਐਸ ਅਧਿਕਾਰੀ ਕਮਾਂਡੈਂਟ ਵਿਨੋਦ ਕੁਮਾਰ 30 ਅਕਤੂਬਰ ਤਕ ਛੁੱਟੀ 'ਤੇ ਹਨ।
ਇਸ ਤੋਂ ਇਲਾਵਾ ਆਈਪੀਐਸ ਅਧਿਕਾਰੀ ਏਆਈਜੀ ਕਮਲਦੀਪ ਗੋਇਲ 30 ਜੂਨ ਤਕ ਛੁੱਟੀ ’ਤੇ ਹਨ। ਆਈਪੀਐਸ ਵਰਿੰਦਰ ਕੁਮਾਰ ਅਤੇ ਐਸਪੀ ਕੈਥਲ ਉਪਾਸਨਾ 23 ਜੂਨ ਯਾਨੀ ਕੱਲ੍ਹ ਤਕ ਛੁੱਟੀ 'ਤੇ ਹਨ। ਆਈਜੀਪੀ ਹਰਦੀਪ ਸਿੰਘ ਦੂਨ 25 ਤਰੀਕ ਤਕ ਛੁੱਟੀ 'ਤੇ ਰਹਿਣਗੇ। ਸੋਨੀਪਤ ਅਤੇ ਝੱਜਰ ਦੇ ਪੁਲਿਸ ਕਮਿਸ਼ਨਰ ਬੀ ਸਤੀਸ਼ ਬਾਲਨ 24 ਤਕ ਛੁੱਟੀ 'ਤੇ ਹਨ। ਸੀਆਈਡੀ ਦੇ ਆਈਜੀਪੀ ਮਨੀਸ਼ ਚੌਧਰੀ 30 ਜੂਨ ਤਕ ਛੁੱਟੀ 'ਤੇ ਹਨ। ਏਡੀਜੀਪੀ ਅਮਿਤਾਭ ਢਿੱਲੋਂ 7 ਜੁਲਾਈ ਤਕ ਛੁੱਟੀ 'ਤੇ ਹਨ।