ਮ੍ਰਿਤਕ ASI ਸੰਦੀਪ ਲਾਥਰ ਦੇ ਮਾਮਲੇ ਦੀ ਜਾਂਚ ਲਈ SIT ਦਾ ਗਠਨ
ਡੀ.ਐਸ.ਪੀ. ਪੱਧਰ ਦੇ ਪੁਲਿਸ ਅਧਿਕਾਰੀ ਕਰਨਗੇ ਅਗਵਾਈ
ਰੋਹਤਕ: ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੇ ਰੋਹਤਕ ਪੁਲਿਸ ਦੇ ਸਾਈਬਰ ਸੈੱਲ ਦੇ ਇੰਚਾਰਜ ਮ੍ਰਿਤਕ ਏ.ਐਸ.ਆਈ. ਸੰਦੀਪ ਲਾਥਰ ਦੇ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ। ਸੰਦੀਪ ਲਾਥਰ ਨੇ ਕਥਿਤ ਤੌਰ ਉਤੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਏ.ਐਸ.ਆਈ. ਦੇ ਚਚੇਰੇ ਭਰਾ ਸੰਜੇ ਦੇਸ਼ਵਾਲ ਨੇ ਕਿਹਾ, ‘‘ਸਾਨੂੰ ਦਸਿਆ ਗਿਆ ਹੈ ਕਿ ਮਾਮਲੇ ਦੀ ਜਾਂਚ ਲਈ ਇਕ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ।’’
ਸੂਤਰਾਂ ਮੁਤਾਬਕ ਐਸ.ਆਈ.ਟੀ. ਦੀ ਅਗਵਾਈ ਡੀ.ਐਸ.ਪੀ. ਪੱਧਰ ਦੇ ਪੁਲਿਸ ਅਧਿਕਾਰੀ ਕਰ ਰਹੇ ਹਨ। ਇਸ ਦੌਰਾਨ, ਪੁਲਿਸ ਦੀ ਇਕ ਟੀਮ ਰੋਹਤਕ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਦੇਸ਼ਵਾਲ ਦੇ ਦਫ਼ਤਰ ਪਹੁੰਚੀ ਅਤੇ ਉਸ ਤੋਂ ਘਟਨਾ ਅਤੇ ਇਸ ਦੇ ਕਾਰਨ ਪੈਦਾ ਹੋਏ ਹਾਲਾਤ ਬਾਰੇ ਪੁੱਛ-ਪੜਤਾਲ ਕੀਤੀ। ਪੁਲਿਸ ਟੀਮ ਨੇ ਦੇਸ਼ਵਾਲ ਦੇ ਦਫ਼ਤਰ ਨੇੜੇ ਲਗਾਏ ਗਏ ਕੈਮਰਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਜਾਂਚੀ। ਜ਼ਿਕਰਯੋਗ ਹੈ ਕਿ ਏ.ਐਸ.ਆਈ. ਸੰਦੀਪ ਰੋਹਤਕ ਦੇ ਲਧੌਤ ਪਿੰਡ ਦੇ ਇਕ ਖੇਤ ਵਿਚ ਬਣੇ ਕਮਰੇ ਵਿਚ ਕਥਿਤ ਤੌਰ ਉਤੇ ਕਦਮ ਚੁੱਕਣ ਤੋਂ ਪਹਿਲਾਂ ਦੇਸ਼ਵਾਲ ਦੇ ਦਫ਼ਤਰ ਗਏ ਸਨ।