ਹਰਿਆਣਾ ਵਿਧਾਨ ਸਭਾ ਚੋਣਾਂ ਜਿੱਤੇ ਤਾਂ ਸ਼ੰਭੂ ਬਾਰਡਰ ਖੋਲ੍ਹ ਦੇਵਾਂਗੇ : ਹੁੱਡਾ 

ਏਜੰਸੀ

ਖ਼ਬਰਾਂ, ਹਰਿਆਣਾ

ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੇਣ ਦਾ ਵੀ ਵਾਅਦਾ ਕੀਤਾ

Bhupinder Singh Hooda

ਅੰਬਾਲਾ : ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਸੱਤਾ ’ਚ ਆਈ ਤਾਂ ਕਿਸਾਨਾਂ ਲਈ ਸ਼ੰਭੂ ਬਾਰਡਰ ਖੋਲ੍ਹ ਦੇਵੇਗੀ। 

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਸਮੇਤ ਅਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ’ਤੇ  ਦਬਾਅ ਬਣਾਉਣ ਲਈ ਕਿਸਾਨਾਂ ਦੇ ਦਿੱਲੀ ਚਲੋ ਮਾਰਚ ਦੀ ਅਗਵਾਈ ਕਰ ਰਹੇ ਹਨ। ਉਹ 13 ਫ਼ਰਵਰੀ ਤੋਂ ਪੰਜਾਬ ਅਤੇ ਹਰਿਆਣਾ ਦਰਮਿਆਨ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ  ਡੇਰਾ ਲਾ ਏ ਹੋਏ ਹਨ ਜਦੋਂ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਮਾਰਚ ਨੂੰ ਰੋਕ ਦਿਤਾ ਸੀ। ਹੁੱਡਾ ਨੇ ਸੋਮਵਾਰ ਨੂੰ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ’ਤੇ  ਲੋਕਤੰਤਰ ’ਚ ਵਿਸ਼ਵਾਸ ਨਾ ਰੱਖਣ ਦਾ ਦੋਸ਼ ਲਾਇਆ। 

ਉਨ੍ਹਾਂ ਕਿਹਾ, ‘‘ਇਸ ਤਾਨਾਸ਼ਾਹੀ ਸਰਕਾਰ ਨੇ ਪਹਿਲਾਂ ਤਿੰਨ ਕਿਸਾਨ ਵਿਰੋਧੀ ਕਾਨੂੰਨ ਲਾਗੂ ਕੀਤੇ ਅਤੇ ਫਿਰ ਜਦ ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ’ਤੇ  ਲਾਠੀਆਂ ਅਤੇ ਗੋਲੀਆਂ ਚਲਾਈਆਂ ਗਈਆਂ। ਸੜਕਾਂ ਪੁੱਟੀਆਂ ਗਈਆਂ... ਅਤੇ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ’ਤੇ  ਕਿਸਾਨਾਂ ਨੂੰ ਰੋਕ ਦਿਤਾ। ਇਸ ਨਾਲ ਵਪਾਰੀਆਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ।’’ 

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਸ਼ੰਭੂ ਬਾਰਡਰ ਖੋਲ੍ਹਿਆ ਜਾਵੇਗਾ ਅਤੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਿਤੀ  ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ  ਲਾਗੂ ਕਰਨ ਦੀ ਕਿਸਾਨਾਂ ਦੀ ਮੰਗ ਨੂੰ ਲੈ ਕੇ ਲੜ ਰਹੇ ਹਨ। ਕਾਂਗਰਸ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਚੌਧਰੀ ਉਦੈ ਭਾਨ ਅਤੇ ਅੰਬਾਲਾ ਤੋਂ ਸੰਸਦ ਮੈਂਬਰ ਵਰੁਣ ਚੌਧਰੀ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ।