ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ : ਕਾਂਗਰਸ ਮਹਿਲਾ ਆਗੂ
ਕਿਹਾ, ਇੰਝ ਲੱਗਦਾ ਜਿਵੇਂ ਦੇਸ਼ ਨੂੰ ਅਡਾਨੀ ਹੀ ਚਲਾ ਰਹੇ ਨੇ
ਸਾਨੂੰ ਪਤਾ ਹੈ ਕਿ ਪੰਜਾਬ ਦੇ ਕਿਸਾਨ ਪਿਛਲੇ 10 ਮਹੀਨਿਆਂ ਤੋਂ ਪੰਜਾਬ ਤੇ ਹਰਿਆਣਾ ’ਤੇ ਕੇਂਦਰ ਸਰਕਾਰ ਤੋਂ ਅਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਧਰਨੇ ’ਤੇ ਬੈਠੇ ਹਨ। ਜਿਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 27-28 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹੋਏ ਹਨ ਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਡੱਲੇਵਾਲ ਦੀ ਸਿਹਤ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਾਣਨ ਲਈ ਸਿਆਸੀ ਤੇ ਹੋਰ ਆਗੂ ਉਨ੍ਹਾਂ ਨੂੰ ਧਰਨੇ ’ਚ ਮਿਲਣ ਪਹੁੰਚ ਰਹੇ ਹਨ। ਖਨੌਰੀ ਬਾਰਡਰ ’ਤੇ ਕਿਸਾਨੀ ਧਰਨੇ ’ਚ ਸਪੋਕਸਮੈਨ ਦੀ ਟੀਮ ਡੱਲੇਵਾਲ ਤੇ ਹੋਰ ਆਗੂਆਂ ਨੂੰ ਮਿਲਣ ਤੇ ਗਰਾਊੁਂਡ ਰਿਪੋਰਟ ਲੈਣ ਲਈ ਪਹੁੰਚੀ। ਇਸ ਦੌਰਾਨ ਕਾਂਗਰਸ ਦੀ ਇਕ ਮਹਿਲਾ ਆਗੂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਪਹਿਲ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਧਰਨੇ ਦੌਰਾਨ ਤਿੰਨ ਬਿੱਲ ਵਾਪਸ ਲਏ ਸਨ ਤੇ ਕੇਂਦਰ ਸਰਕਾਰ ਵਲੋਂ ਕਿਹਾ ਗਿਆ ਸੀ ਕਿ ਉਹ ਕੁੱਝ ਹੋਰ ਕਾਨੂੰਨ ਬਣਾਉਣਗੇ ਪਰ ਜਦੋਂ ਕੇਂਦਰ ਸਰਕਾਰ ਦੁਬਾਰਾ 2024 ਵਿਚ ਵਾਪਸ ਆਈ ਤਾਂ ਕੇਂਦਰ ਨੇ ਉਸ ਤੋਂ ਉਲਟ ਕੰਮ ਕੀਤਾ ਤਾਂ ਹੀ ਕਿਸਾਨਾਂ ਨੂੰ ਅੱਜ ਫਿਰ ਧਰਨੇ ਲਗਾਉਣੇ ਪੈ ਰਹੇ ਹਨ ਤੇ ਆਪਣੀ ਜਾਨ ਦੀ ਪਰਵਾਹ ਕਰੇ ਬਗ਼ੈਰ ਇਹ ਲੜਾਈ ਲੜ ਰਹੇ ਹਨ।
ਕਾਂਗਰਸ ਦੀ ਮਹਿਲਾ ਆਗੂ ਨੇ ਕਿਹਾ ਕਿ ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਦੇਸ਼ ਨੂੰ ਅਡਾਨੀ ਹੀ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੇ ਇਸ ਮਾਮਲੇ ਵਿਚ ਦਖ਼ਲ ਦੇ ਕੇ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਫਿਟਕਾਰ ਲਾਈ ਹੁੰਦੀ ਤਾਂ ਅੱਜ ਡੱਲੇਵਾਲ ਨੂੰ ਮਰਨ ਵਰਤ ’ਤੇ ਨਹੀਂ ਬੈਠਣਾ ਪੈਂਦਾ।