Haryana News: ਕਾਂਗਰਸ ਦੀਆਂ ਟਿਕਟਾਂ ਨੂੰ ਲੈ ਕੇ ਭੰਬਲਭੂਸਾ ਜਾਰੀ! ਕੈਪਟਨ ਅਜੈ ਯਾਦਵ ਨੇ ਕਿਹਾ, ‘ਦੇਰੀ ਕਾਰਨ ਪਾਰਟੀ ਨੂੰ ਹੋ ਰਿਹਾ ਨੁਕਸਾਨ’

ਏਜੰਸੀ

ਖ਼ਬਰਾਂ, ਹਰਿਆਣਾ

ਕਾਂਗਰਸ ਵਿਚ ਭਿਵਾਨੀ, ਮਹੇਂਦਰਗੜ੍ਹ ਅਤੇ ਗੁਰੂਗ੍ਰਾਮ ਸੀਟਾਂ ਨੂੰ ਲੈ ਕੇ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ।

Image: For representation purpose only.

Haryana News: ਹਰਿਆਣਾ 'ਚ ਲੋਕ ਸਭਾ ਟਿਕਟਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਕਾਂਗਰਸ ਦੇ ਪੈਨਲ ਵਿਚ 3 ਸੀਟਾਂ ਹਨ ਜਿਨ੍ਹਾਂ ਲਈ ਇਕ ਤੋਂ ਵੱਧ ਦਾਅਵੇਦਾਰ ਹਨ। ਪਾਰਟੀ ਆਗੂ ਆਪੋ-ਆਪਣੇ ਦਾਅਵੇਦਾਰਾਂ ਨੂੰ ਟਿਕਟਾਂ ਦਿਵਾਉਣ ਦੀ ਕੋਸ਼ਿਸ਼ ਵਿਚ ਹਨ, ਹਾਲਾਂਕਿ ਹੁਣ ਟਿਕਟਾਂ ਨਾ ਮਿਲਣ ਕਾਰਨ ਦਾਅਵੇਦਾਰ ਵੀ ਘਰ ਬੈਠ ਗਏ ਹਨ। ਕਾਂਗਰਸ ਵਿਚ ਭਿਵਾਨੀ, ਮਹੇਂਦਰਗੜ੍ਹ ਅਤੇ ਗੁਰੂਗ੍ਰਾਮ ਸੀਟਾਂ ਨੂੰ ਲੈ ਕੇ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ।

ਕਿਰਨ ਚੌਧਰੀ ਦੀ ਬੇਟੀ ਅਤੇ ਸਾਬਕਾ ਸੰਸਦ ਮੈਂਬਰ ਸ਼ਰੂਤੀ ਚੌਧਰੀ ਵੀ ਭਿਵਾਨੀ-ਮਹੇਂਦਰਗੜ੍ਹ ਸੀਟ ਦੀ ਦਾਅਵੇਦਾਰ ਹੈ। ਕੁਮਾਰੀ ਸ਼ੈਲਜਾ ਅਤੇ ਰਣਦੀਪ ਸੁਰਜੇਵਾਲਾ ਉਨ੍ਹਾਂ ਦੀ ਟਿਕਟ ਲਈ ਜੁਟੇ ਹੋਏ ਹਨ। ਉਧਰ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਕਾਂਗਰਸ ਵਿਧਾਇਕ ਰਾਓ ਦਾਨ ਸਿੰਘ ਦੀ ਪੈਰਵੀ ਕਰ ਰਹੇ ਹਨ। ਹਾਲ ਹੀ 'ਚ ਟਿਕਟ ਨੂੰ ਲੈ ਕੇ ਫਸੇ ਪੇਚ ਦੌਰਾਨ ਤੋਸ਼ਾਮ ਤੋਂ ਵਿਧਾਇਕ ਕਿਰਨ ਚੌਧਰੀ ਵੀ ਦਿੱਲੀ ਪਹੁੰਚੇ, ਜਿਥੇ ਉਨ੍ਹਾਂ ਨੇ ਸੋਨੀਆ ਗਾਂਧੀ ਨਾਲ ਸ਼ਰੂਤੀ ਦੀ ਟਿਕਟ ਨੂੰ ਲੈ ਕੇ ਚਰਚਾ ਕੀਤੀ। ਹਾਲਾਂਕਿ ਉਥੋਂ ਉਨ੍ਹਾਂ ਨੂੰ ਕੋਈ ਠੋਸ ਭਰੋਸਾ ਨਹੀਂ ਮਿਲਿਆ।

ਇਸ ਦੌਰਾਨ ਸ਼ਰੂਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਦੋ ਲਾਈਨਾਂ ਲਿਖੀਆਂ ਹਨ। ਜਿਸ ਦੇ ਸਿਆਸੀ ਮਾਹਿਰ ਕਈ ਅਰਥ ਦੇ ਰਹੇ ਹਨ। ਉਨ੍ਹਾਂ ਲਿਖਿਆ- 'ਤੁਹਾਡੇ ਕੀਬੋਰਡ 'ਚ S ਅਤੇ F ਦੇ ਵਿਚਕਾਰ ਕੋਈ ਅਜਿਹਾ ਹੈ ਜੋ ਇਸ ਲੋਕ ਸਭਾ 'ਚ ਭਿਵਾਨੀ-ਮਹੇਂਦਰਗੜ੍ਹ ਤੋਂ ਹਾਰਨ ਵਾਲਾ ਹੈ।' S ਅਤੇ F ਵਿਚਕਾਰ D ਆਉਂਦਾ ਹੈ। ਡੀ ਤੋਂ ਧਰਮਵੀਰ ਸਿੰਘ ਵੀ ਹਨ, ਜੋ ਭਿਵਾਨੀ-ਮਹੇਂਦਰਗੜ੍ਹ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ ਅਤੇ ਦਾਨ ਸਿੰਘ ਵੀ ਹਨ, ਜੋ ਕਾਂਗਰਸ ਦੇ ਵਿਧਾਇਕ ਹਨ ਅਤੇ ਉਨ੍ਹਾਂ ਦੀ ਜਗ੍ਹਾ ਟਿਕਟ ਦੀ ਮੰਗ ਕਰ ਰਹੇ ਹਨ। ਅਜਿਹੇ 'ਚ ਹੁਣ ਸਿਆਸੀ ਮਾਹਿਰ ਕਹਿ ਰਹੇ ਹਨ ਕਿ ਸ਼ਰੂਤੀ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਏ ਹਨ।

ਚੋਣ ਟਿਕਟਾਂ ਨੂੰ ਲੈ ਕੇ ਕੈਪਟਨ ਅਜੈ ਯਾਦਵ ਨੇ ਪਹਿਲੀ ਵਾਰ ਅਪਣੀ ਚੁੱਪੀ ਉਦੋਂ ਤੋੜੀ ਜਦੋਂ ਗੁਰੂਗ੍ਰਾਮ ਲੋਕ ਸਭਾ ਹਲਕੇ ਤੋਂ ਰਾਜ ਬੱਬਰ ਦਾ ਨਾਂ ਪੈਨਲ ਵਿਚ ਆਇਆ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਰਾਜ ਬੱਬਰ ਤੋਂ ਕੋਈ ਪਰੇਸ਼ਾਨੀ ਨਹੀਂ ਹੈ, ਹਰ ਵਿਅਕਤੀ ਨੂੰ ਚੋਣ ਲੜਨ ਦਾ ਅਧਿਕਾਰ ਹੈ ਪਰ ਕੀ ਰਾਜ ਬੱਬਰ ਨੇ ਗੁਰੂਗ੍ਰਾਮ 'ਚ 5 ਸਾਲ ਤਕ ਪਸੀਨਾ ਵਹਾਇਆ। ਉਨ੍ਹਾਂ ਕਿਹਾ ਕਿ ਟਿਕਟਾਂ ਦੀ ਵੰਡ ਵਿਚ ਦੇਰੀ ਕਾਰਨ ਕਾਂਗਰਸ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਲਮੀ ਸਿਤਾਰਿਆਂ ਨੂੰ ਹੀ ਲੜਾਉਣਾ ਚਾਹੁੰਦੇ ਹੋ ਤਾਂ ਰਣਬੀਰ ਕਪੂਰ, ਰਣਵੀਰ ਸਿੰਘ, ਰਿਤਿਕ ਰੋਸ਼ਨ ਨੂੰ ਲੈ ਆਉ।

ਹਰਿਆਣਾ ਵਿਚ ਕਾਂਗਰਸ ਦੇ ਉਮੀਦਵਾਰਾਂ ਦਾ ਐਲਾਨ ਨਾ ਕਰਨ ਦਾ ਅਸਰ ਨਜ਼ਰ ਆਉਣ ਲੱਗਾ ਹੈ। ਕਾਂਗਰਸ ਸੂਬੇ ਦੀਆਂ 9 ਲੋਕ ਸਭਾ ਸੀਟਾਂ 'ਤੇ ਚੋਣ ਲੜ ਰਹੀ ਹੈ। ਇਕ ਕੁਰੂਕਸ਼ੇਤਰ ਸੀਟ I.N.D.I.A. ਬਲਾਕ ਅਧੀਨ 'ਆਪ' ਨੂੰ ਦਿਤੀ ਗਈ ਹੈ। 9 ਸੀਟਾਂ 'ਚੋਂ ਸੰਭਾਵਿਤ ਕਾਂਗਰਸੀ ਉਮੀਦਵਾਰ ਸਿਰਫ 2 ਸੀਟਾਂ 'ਤੇ ਚੋਣ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਵਿਚ ਦੀਪੇਂਦਰ ਹੁੱਡਾ ਅਤੇ ਕੁਮਾਰੀ ਸ਼ੈਲਜਾ ਸ਼ਾਮਲ ਹਨ। ਦੀਪੇਂਦਰ ਹੁੱਡਾ ਰੋਹਤਕ ਸੀਟ ਤੋਂ ਚੋਣ ਲੜ ਸਕਦੇ ਹਨ। ਜਦਕਿ ਸਿਰਸਾ ਸੀਟ ਤੋਂ ਸ਼ੈਲਜਾ ਦੀ ਟਿਕਟ ਤੈਅ ਮੰਨੀ ਜਾਂਦੀ ਹੈ ਪਰ ਅੰਬਾਲਾ ਤੋਂ ਵੀ ਉਨ੍ਹਾਂ ਦੀ ਦਾਅਵੇਦਾਰੀ ਹੈ। ਬਾਕੀ 7 ਸੀਟਾਂ 'ਤੇ ਆਗੂ ਟਿਕਟਾਂ ਦੇ ਐਲਾਨ ਦੀ ਉਡੀਕ 'ਚ ਘਰ ਬੈਠੇ ਹਨ। ਹਰਿਆਣਾ ਵਿਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ 29 ਅਪ੍ਰੈਲ ਤੋਂ ਸ਼ੁਰੂ ਹੋਣੀਆਂ ਹਨ। ਅਜਿਹੇ 'ਚ ਕਾਂਗਰਸ ਕੋਲ ਹੁਣ ਸਿਰਫ 5 ਦਿਨ ਬਚੇ ਹਨ।

ਟਿਕਟਾਂ ਦੀ ਵੰਡ ਲਈ ਕਾਂਗਰਸ ਚੋਣ ਕਮੇਟੀ ਨੇ 10 ਦਿਨਾਂ ਵਿਚ 3 ਮੀਟਿੰਗਾਂ ਕੀਤੀਆਂ ਹਨ। ਜਿਸ ਤੋਂ ਬਾਅਦ 13 ਸੂਚੀਆਂ ਜਾਰੀ ਹੋ ਚੁੱਕੀਆਂ ਹਨ ਪਰ ਹਰਿਆਣਾ ਦੀਆਂ ਟਿਕਟਾਂ ਅਟਕੀਆਂ ਹੋਈਆਂ ਹਨ। ਕਾਂਗਰਸ ਨੂੰ ਡਰ ਹੈ ਕਿ ਜੇਕਰ ਇਕ ਧੜਾ ਸਹਿਮਤ ਨਹੀਂ ਹੋਇਆ ਤਾਂ ਦੂਜਾ ਗੁੱਸੇ ਵਿਚ ਆ ਸਕਦਾ ਹੈ ਅਤੇ ਇਸ ਨਾਲ ਕਾਂਗਰਸ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਹੁਣ ਰਾਹੁਲ ਗਾਂਧੀ ਟਿਕਟਾਂ ਦੀ ਵੰਡ ਲਈ ਮੈਦਾਨ ਵਿਚ ਉਤਰ ਆਏ ਹਨ। ਰਾਹੁਲ ਗਾਂਧੀ ਦੇ ਫੈਸਲੇ 'ਤੇ ਦੋਵੇਂ ਧੜਿਆਂ ਦੇ ਸਹਿਮਤ ਹੋਣ ਦੀ ਸੰਭਾਵਨਾ ਹੈ। ਇਸ ਲਈ ਹੁਣ ਉਹ ਅੰਤਿਮ ਫੈਸਲਾ ਲੈਣਗੇ।

ਕਾਂਗਰਸ ਸੂਤਰਾਂ ਅਨੁਸਾਰ 3 ਸੀਟਾਂ 'ਤੇ ਉਮੀਦਵਾਰਾਂ ਨੂੰ ਲੈ ਕੇ ਹੋਰ ਭੰਬਲਭੂਸਾ ਬਣਿਆ ਹੋਇਆ ਹੈ। ਰੋਹਤਕ ਸੀਟ ਤੋਂ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਦੀ ਟਿਕਟ ਫਾਈਨਲ ਹੈ ਪਰ ਪਾਰਟੀ ਦਾ ਇਕ ਧੜਾ ਚਾਹੁੰਦਾ ਹੈ ਕਿ ਭੂਪੇਂਦਰ ਹੁੱਡਾ ਇਥੋਂ ਚੋਣ ਲੜੇ। ਇਸ ਦਾ ਕਾਰਨ ਇਹ ਹੈ ਕਿ ਜੇਕਰ ਦੀਪੇਂਦਰ ਲੋਕ ਸਭਾ ਚੋਣਾਂ ਜਿੱਤ ਜਾਂਦੇ ਹਨ ਤਾਂ ਰਾਜ ਸਭਾ ਸੀਟ ਭਾਜਪਾ ਦੇ ਹੱਥਾਂ 'ਚ ਜਾਣ ਦੀ ਸੰਭਾਵਨਾ ਹੈ। ਕਾਂਗਰਸ ਵਲੋਂ ਭੁਪਿੰਦਰ ਹੁੱਡਾ ਦੀ ਪਤਨੀ ਆਸ਼ਾ ਹੁੱਡਾ ਬਾਰੇ ਵੀ ਚਰਚਾ ਕੀਤੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਦੀਪੇਂਦਰ ਦੇ ਸੱਭ ਤੋਂ ਮਜ਼ਬੂਤ ​​ਹੋਣ ਦੇ ਬਾਵਜੂਦ ਉਨ੍ਹਾਂ ਦੇ ਨਾਂ ਦਾ ਐਲਾਨ ਨਹੀਂ ਕੀਤਾ ਜਾ ਰਿਹਾ ਹੈ।

ਭਿਵਾਨੀ-ਮਹੇਂਦਰਗੜ੍ਹ ਲੋਕ ਸਭਾ ਸੀਟ ਨੂੰ ਲੈ ਕੇ ਵੀ ਵਿਵਾਦ ਚੱਲ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਅਤੇ ਕੁਮਾਰੀ ਸ਼ੈਲਜਾ ਇੱਥੋਂ ਸ਼ਰੂਤੀ ਚੌਧਰੀ ਦੀ ਵਕਾਲਤ ਕਰ ਰਹੇ ਹਨ, ਜਦਕਿ ਹੁੱਡਾ ਵਿਧਾਇਕ ਰਾਓ ਦਾਨ ਸਿੰਘ ਨੂੰ ਚੋਣ ਲੜਾਉਣ ਦੇ ਹੱਕ ਵਿਚ ਹਨ। ਹੁੱਡਾ ਦੀ ਦਲੀਲ ਹੈ ਕਿ ਸ਼ਰੂਤੀ ਇਥੋਂ ਚੋਣ ਹਾਰ ਜਾਵੇਗੀ। ਕਾਂਗਰਸ 'ਚ ਟਿਕਟਾਂ ਦੀ ਵੰਡ ਨੂੰ ਲੈ ਕੇ ਗੁਰੂਗ੍ਰਾਮ 'ਚ ਸਥਿਤੀ ਠੀਕ ਨਹੀਂ ਹੈ। ਇਸ ਸੀਟ 'ਤੇ ਫਿਲਮ ਅਦਾਕਾਰ ਰਾਜ ਬੱਬਰ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ। ਸਾਬਕਾ ਸੀਐਮ ਭੂਪੇਂਦਰ ਹੁੱਡਾ ਵੀ ਫ਼ਿਲਮ ਅਦਾਕਾਰ ਦੇ ਹੱਕ ਵਿਚ ਹਨ ਪਰ ਲਾਲੂ ਯਾਦਵ ਦੇ ਰਿਸ਼ਤੇਦਾਰ ਕੈਪਟਨ ਅਜੈ ਯਾਦਵ ਵੀ ਇਥੋਂ ਟਿਕਟ ਦੀ ਮੰਗ ਕਰ ਰਹੇ ਹਨ। ਲਾਲੂ ਯਾਦਵ ਨੇ ਉਨ੍ਹਾਂ ਦੀ ਟਿਕਟ ਨੂੰ ਲੈ ਕੇ ਸੋਨੀਆ ਗਾਂਧੀ ਨੂੰ ਵੀ ਸਿਫਾਰਿਸ਼ ਕੀਤੀ ਹੈ।

(For more Punjabi news apart from Confusion continues over Haryana Congress tickets, stay tuned to Rozana Spokesman)