ਵਿਆਹ ਵਾਲੇ ਘਰ ’ਚ ਡਾਕਾ, ਲਾੜੇ ਨੂੰ ਮਾਰੀ ਗੋਲੀ
ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਲੁੱਟੇ ਗਹਿਣੇ ਅਤੇ ਨਕਦੀ
ਕਰਨਾਲ: ਹਰਿਆਣਾ ਦੇ ਕਰਨਾਲ ਸ਼ਹਿਰ ਦੇ ਇਕ ਆਲੀਸ਼ਾਨ ਇਲਾਕੇ ’ਚ ਸੋਮਵਾਰ ਸਵੇਰੇ ਪੰਜ ਹਥਿਆਰਬੰਦ ਬਦਮਾਸ਼ਾਂ ਨੇ ਇਕ ਘਰ ’ਚ ਦਾਖਲ ਹੋ ਕੇ ਡਾਕਾ ਮਾਰਿਆ। ਸ਼ਰਾਰਤੀ ਅਨਸਰਾਂ ਨੇ ਬੰਦੂਕ ਦੀ ਨੋਕ ਉਤੇ ਪਰਵਾਰ ਨੂੰ ਬੰਧਕ ਬਣਾ ਲਿਆ ਅਤੇ ਲੱਖਾਂ ਰੁਪਏ ਦੇ ਗਹਿਣੇ, ਨਕਦੀ ਅਤੇ ਕਾਰ ਲੁੱਟ ਲਈ। ਇਸ ਦੌਰਾਨ ਉਨ੍ਹਾਂ ਨੇ ਡਾਕੇ ਦਾ ਵਿਰੋਧ ਕਰਨ ਵਾਲੇ ਲਾੜੇ ਨੂੰ ਵੀ ਗੋਲੀ ਮਾਰ ਦਿਤੀ।
ਠੇਕੇਦਾਰ ਮਨੋਜ ਪਸਰੀਚਾ, ਉਸ ਦੀ ਭੈਣ, ਪਰਵਾਰ ਦੇ ਹੋਰ ਮੈਂਬਰ ਅਤੇ ਬੇਟੇ ਆਦਿਤਿਆ ਪਸਰੀਚਾ ਲੁੱਟ ਦੇ ਸਮੇਂ ਘਰ ਵਿਚ ਮੌਜੂਦ ਸਨ, ਜਿਸ ਦਾ ਵਿਆਹ 4 ਦਸੰਬਰ ਨੂੰ ਹੋਣ ਵਾਲਾ ਸੀ। ਜਿਵੇਂ ਹੀ ਪਰਵਾਰ ਨੇ ਬਦਮਾਸ਼ਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਸ਼ਰਾਰਤੀ ਅਨਸਰਾਂ ਨੇ ਮਨੋਜ ਦੀ ਭੈਣ ਨੂੰ ਰਿਵਾਲਵਰ ਦੇ ਬੱਟ ਨਾਲ ਮਾਰਿਆ ਅਤੇ ਲਾੜੇ ਆਦਿਤਿਆ ਦੇ ਮੋਢੇ ਉਤੇ ਨੇੜਿਓਂ ਗੋਲੀ ਮਾਰ ਦਿਤੀ। ਕਮਰੇ ਵਿਚ ਸਾਰਿਆਂ ਨੂੰ ਬੰਦ ਕਰ ਕੇ, ਉਨ੍ਹਾਂ ਨੇ ਬੰਦੂਕ ਦੀ ਨੋਕ ਉਤੇ ਗਹਿਣਿਆਂ ਅਤੇ ਨਕਦੀ ਨੂੰ ਮੰਗਵਾਇਆ ਅਤੇ ਘਰ ਵਿਚ ਖੜ੍ਹੀ ਕਾਰ ਲੈ ਕੇ ਭੱਜ ਗਏ। ਗੋਲੀ ਲੱਗਣ ਨਾਲ ਜ਼ਖਮੀ ਹੋਏ ਆਦਿਤਿਆ ਨੂੰ ਤੁਰਤ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਰੇ ਮੁਲਜ਼ਮ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਲੰਮੇ ਸਮੇਂ ਤੋਂ ਹਰਿਆਣਾ ਵਿਚ ਸੰਗਠਤ ਤਰੀਕੇ ਨਾਲ ਅਪਰਾਧ ਕਰ ਰਹੇ ਸਨ। ਦਸਿਆ ਜਾ ਰਿਹਾ ਹੈ ਕਿ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰਾਜੀਵ ਉਰਫ ਰਾਜਾ ਵਾਸੀ ਤਾਜਗੰਜ, ਦੀਪਕ ਉਰਫ ਹੈਰੀ ਵਾਸੀ ਸ਼ਿਵਪੁਰੀ, ਪ੍ਰਿੰਸ ਅਤੇ ਅੰਮ੍ਰਿਤਪਾਲ ਵਾਸੀ ਬਟਾਲਾ ਰੋਡ ਅਤੇ ਅਭਿਸ਼ੇਕ ਵਜੋਂ ਹੋਈ ਹੈ।