ਹਰਿਆਣਾ : ਮੁੱਖ ਮੰਤਰੀ ਸੈਣੀ ਤੋਂ ਬਾਅਦ ਖੱਟਰ ਨੇ ਕੀਤੀ ਅਨਿਲ ਵਿਜ ਨਾਲ ਮੁਲਾਕਾਤ

ਏਜੰਸੀ

ਖ਼ਬਰਾਂ, ਹਰਿਆਣਾ

ਖੱਟਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਫੈਸਲੇ ਦੌਰਾਨ ਪਾਰਟੀ ਵਲੋਂ ਉਨ੍ਹਾਂ ਨਾਲ ਸਲਾਹ-ਮਸ਼ਵਰਾ ਨਾ ਕਰਨ ਤੋਂ ਨਾਰਾਜ਼ ਦੱਸੇ ਜਾ ਰਹੇ ਹਨ ਅਨਿਲ ਵਿੱਜ

Anil Vij and Manohar Lal

ਅੰਬਾਲਾ: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨਾਲ ਮੁਲਾਕਾਤ ਤੋਂ ਤਿੰਨ ਦਿਨ ਬਾਅਦ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਮਵਾਰ ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਹੋਲੀ ਦੀਆਂ ਵਧਾਈਆਂ ਦਿਤੀਆਂ। 

ਚੰਡੀਗੜ੍ਹ ਤੋਂ ਕਰਨਾਲ ਜਾ ਰਹੇ ਖੱਟਰ ਅੰਬਾਲਾ ਛਾਉਣੀ ’ਚ ਵਿਜ ਦੀ ਰਿਹਾਇਸ਼ ’ਤੇ ਰੁਕੇ। ਦੋਹਾਂ ਨੇਤਾਵਾਂ ਨੇ ਇਕ ਦੂਜੇ ਨੂੰ ਗਲੇ ਲਗਾਇਆ ਅਤੇ ਹੋਲੀ ਦੀਆਂ ਵਧਾਈਆਂ ਦਿਤੀਆਂ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਸੈਣੀ ਨੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਵਿਜ ਨਾਲ ਮੁਲਾਕਾਤ ਕੀਤੀ ਸੀ, ਜੋ ਖੱਟਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਫੈਸਲੇ ਦੌਰਾਨ ਪਾਰਟੀ ਵਲੋਂ ਉਨ੍ਹਾਂ ਨਾਲ ਸਲਾਹ-ਮਸ਼ਵਰਾ ਨਾ ਕਰਨ ਤੋਂ ਨਾਰਾਜ਼ ਦੱਸੇ ਜਾ ਰਹੇ ਹਨ। 

ਵਿਜ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੱਟਰ ਨੇ ਕਿਹਾ ਕਿ ਉਹ ਚੰਡੀਗੜ੍ਹ ਤੋਂ ਕਰਨਾਲ ਜਾ ਰਹੇ ਸਨ। ਉਨ੍ਹਾਂ ਕਿਹਾ, ‘‘ਮੈਂ ਹੋਲੀ ਦੇ ਮੌਕੇ ’ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਆਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਕੈਬਨਿਟ ਸਹਿਯੋਗੀ ਸੀ ਅਤੇ ਮੀਟਿੰਗ ਦੌਰਾਨ ਅਸੀਂ ਕੁੱਝ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।’’

ਇਹ ਪੁੱਛੇ ਜਾਣ ’ਤੇ ਕਿ ਕੀ ਵਿਜ ਨਾਰਾਜ਼ ਹਨ, ਖੱਟਰ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਖੱਟਰ ਨੇ ਇਹ ਵੀ ਕਿਹਾ ਕਿ ਉਹ ਨਿਯਮਤ ਅੰਤਰਾਲਾਂ ’ਤੇ ਉਨ੍ਹਾਂ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ, ‘‘ਸੂਬੇ ’ਚ ਹਾਲ ਹੀ ’ਚ ਹੋਏ ਘਟਨਾਕ੍ਰਮ ਤੋਂ ਬਾਅਦ ਵੀ ਮੈਂ ਉਨ੍ਹਾਂ ਨੂੰ ਮਿਲਿਆ ਸੀ, ਅਸੀਂ ਫੋਨ ’ਤੇ ਵੀ ਗੱਲ ਕਰ ਰਹੇ ਹਾਂ।’’ ਸ਼ੁਕਰਵਾਰ ਨੂੰ ਵਿਜ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਕਿਹਾ, ‘‘ਮੈਂ ਇੱਥੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਆਇਆ ਹਾਂ। ਉਹ ਸਾਡੇ ਸੀਨੀਅਰ ਨੇਤਾ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਸਾਨੂੰ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਜਿੱਤਣੀਆਂ ਹਨ।’’

ਭਾਜਪਾ ਨੇ ਲੋਕ ਸਭਾ ਚੋਣਾਂ ਤੋਂ ਕੁੱਝ ਹਫ਼ਤੇ ਪਹਿਲਾਂ ਇਸ ਮਹੀਨੇ ਖੱਟਰ ਨੂੰ ਸੂਬੇ ਦੇ ਮੁੱਖ ਮੰਦਰੀ ਅਹੁਦੇ ਤੋਂ ਹਟਾ ਦਿਤਾ ਸੀ ਅਤੇ ਓ.ਬੀ.ਸੀ. ਨੇਤਾ ਸੈਣੀ ਨੂੰ ਹਰਿਆਣਾ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਸੀ। ਵਿਜ ਨੂੰ ਸੈਣੀ ਕੈਬਨਿਟ ’ਚ ਜਗ੍ਹਾ ਨਹੀਂ ਮਿਲੀ ਹਾਲਾਂਕਿ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਨਾਮ ਮੰਤਰੀਆਂ ਦੀ ਸ਼ੁਰੂਆਤੀ ਸੂਚੀ ’ਚ ਆਇਆ ਸੀ। 

ਇਸ ਮਹੀਨੇ ਦੀ ਸ਼ੁਰੂਆਤ ’ਚ ਸੈਣੀ ਦੇ ਸਹੁੰ ਚੁੱਕ ਸਮਾਰੋਹ ਵਾਲੇ ਦਿਨ ਖੱਟਰ ਤੋਂ ਪੁਛਿਆ ਗਿਆ ਸੀ ਕਿ ਕੀ ਵਿਜ ਦਾ ਨਾਂ ਉਪ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਹੈ ਤਾਂ ਉਨ੍ਹਾਂ ਕਿਹਾ ਕਿ ਮੰਤਰੀਆਂ ਨੇ ਅੱਜ ਸਹੁੰ ਚੁੱਕਣੀ ਸੀ ਅਤੇ ਉਨ੍ਹਾਂ (ਵਿਜ) ਦਾ ਨਾਂ ਸੂਚੀ ’ਚ ਸ਼ਾਮਲ ਸੀ ਪਰ ਉਹ ਨਹੀਂ ਆਏ।