ਲੋਕ ਸਭਾ ਚੋਣਾਂ : ਹਰਿਆਣਾ ’ਚ 65 ਫੀ ਸਦੀ ਵੋਟਿੰਗ, ਕਰਨਾਲ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਵੀ ਵੋਟਾਂ ਪਈਆਂ
2019 ਮੁਕਾਬਲੇ 5 ਫ਼ੀ ਸਦੀ ਘੱਟ ਰਹੀ ਵੋਟਿੰਗ
ਚੰਡੀਗੜ੍ਹ: ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ’ਤੇ ਸਨਿਚਰਵਾਰ 65 ਫੀ ਸਦੀ ਵੋਟਿੰਗ ਹੋਈ। 2019 ਦੀਆਂ ਲੋਕ ਸਭਾ ਚੋਣਾਂ ’ਚ ਕੁਲ ਵੋਟਿੰਗ ਫ਼ੀ ਸਦੀ 70 ਫ਼ੀ ਸਦੀ ਸੀ।
ਕਰਨਾਲ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਵੀ ਵੋਟਿੰਗ ਹੋਈ, ਜਿੱਥੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਚੋਣ ਮੈਦਾਨ ’ਚ ਹਨ। ਮਨੋਹਰ ਲਾਲ ਖੱਟਰ ਦੇ ਅਸਤੀਫੇ ਤੋਂ ਬਾਅਦ ਇਹ ਉਪ ਚੋਣ ਜ਼ਰੂਰੀ ਹੋ ਗਈ ਸੀ।
ਅੰਕੜਿਆਂ ਮੁਤਾਬਕ ਸ਼ਾਮ 5 ਵਜੇ ਤਕ ਸਿਰਸਾ ’ਚ ਸੱਭ ਤੋਂ ਵੱਧ 59.57 ਫੀ ਸਦੀ, ਅੰਬਾਲਾ ’ਚ 58.44 ਫੀ ਸਦੀ ਅਤੇ ਕੁਰੂਕਸ਼ੇਤਰ ’ਚ 58.38 ਫੀ ਸਦੀ ਵੋਟਿੰਗ ਹੋਈ। ਗੁਰੂਗ੍ਰਾਮ ’ਚ ਸੱਭ ਤੋਂ ਘੱਟ 51.75 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ। ਭਿਵਾਨੀ-ਮਹਿੰਦਰਗੜ੍ਹ ’ਚ 56.11 ਫੀ ਸਦੀ, ਫਰੀਦਾਬਾਦ ’ਚ 53.64 ਫੀ ਸਦੀ, ਹਿਸਾਰ ’ਚ 53.85 ਫੀ ਸਦੀ , ਕਰਨਾਲ ’ਚ 55.71 ਫੀ ਸਦੀ , ਰੋਹਤਕ ’ਚ 58.28 ਫੀ ਸਦੀ ਅਤੇ ਸੋਨੀਪਤ ’ਚ 55.49 ਫੀ ਸਦੀ ਵੋਟਿੰਗ ਹੋਈ।
2019 ’ਚ ਭਾਜਪਾ ਨੇ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਜਿੱਤੀਆਂ ਸਨ। ਖੱਟਰ, ਦੋ ਕੇਂਦਰੀ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਕੁਮਾਰੀ ਸ਼ੈਲਜਾ ਹਰਿਆਣਾ ’ਚ ਲੋਕ ਸਭਾ ਚੋਣਾਂ ਲੜ ਰਹੇ 223 ਉਮੀਦਵਾਰਾਂ ’ਚ ਸ਼ਾਮਲ ਹਨ। ਇਨ੍ਹਾਂ ’ਚ 207 ਪੁਰਸ਼ ਅਤੇ 16 ਔਰਤਾਂ ਸ਼ਾਮਲ ਹਨ। ਕਰਨਾਲ ਵਿਧਾਨ ਸਭਾ ਸੀਟ ਲਈ ਨੌਂ ਉਮੀਦਵਾਰ ਮੈਦਾਨ ’ਚ ਹਨ।