Shambhu border : ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਇੱਕ ਫ਼ਿਰ ਕੀਤੀ ਵਿਵਾਦਿਤ ਟਿੱਪਣੀ
ਕਿਹਾ -"ਪੰਜਾਬ ਦੇ ਕਿਸਾਨਾਂ 'ਚ ਇੱਕ ਉਤਾਵਲਾਪਨ"
Shambhu border : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੂੰ ਲੈ ਕੇ ਇੱਕ ਵਾਰ ਫ਼ਿਰ ਵਿਵਾਦਿਤ ਟਿੱਪਣੀ ਕੀਤੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਕੇਂਦਰੀ ਮੰਤਰੀ ਖੱਟਰ ਨੇ ਕਿਹਾ ਕਿ “ਸ਼ੰਭੂ ਬਾਰਡਰ ਦਾ ਬੰਦ ਹੋਣਾ ਇੱਕ ਵੱਡੀ ਸਮੱਸਿਆ ਹੈ। ਆਮ ਲੋਕਾਂ ਖਾਸ ਕਰਕੇ ਕਾਰੋਬਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸ਼ੰਭੂ ਬਾਰਡਰ ਖੋਲ੍ਹਣ ਲਈ ਅਸੀਂ ਵੀ ਤਿਆਰ ਹਾਂ। ਅਸੀਂ ਉਸਦੀ ਯੋਜਨਾ ਵੀ ਬਣਾ ਲਈ ਸੀ ਪਰ ਮਾਮਲਾ ਅਦਾਲਤ ਵਿੱਚ ਚਲਾ ਗਿਆ। ਕੁੱਝ ਲੋਕ ਸ਼ੰਭੂ ਬਾਰਡਰ ਖੋਲ੍ਹਣ ਦੇ ਹੱਕ 'ਚ ਸੀ ਅਤੇ ਕੁੱਝ ਲੋਕ ਬੰਦ ਕਰਨ ਦੇ ਹੱਕ 'ਚ ਸੀ। ਹਾਈਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਲਈ ਹਾਂ ਕਰ ਦਿੱਤੀ ਸੀ ਪਰ ਕੁੱਝ ਲੋਕ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਨੇ ਹਾਈਕੋਰਟ ਦੇ ਹੁਕਮ ਨੂੰ ਬਦਲ ਦਿੱਤਾ।
ਸੁਪਰੀਮ ਕੋਰਟ ਸੁਨਿਚਿਤ ਕਰ ਰਹੀ ਹੈ ਕਿ ਰਸਤਾ ਖੋਲ੍ਹਣ 'ਚ ਤਾਂ ਕੋਈ ਅਪੱਤੀ ਤਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਹਰਿਆਣਾ ਦੇ ਦੋਵੇਂ ਬਾਰਡਰਾਂ 'ਤੇ ਕਿਸਾਨ ਬੈਠੇ ਸੀ ,ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਸਾਡੀ ਕਿਸਾਨਾਂ ਨਾਲ ਗੱਲਬਾਤ ਹੋਈ ,ਹਰਿਆਣਾ 'ਚ ਇਸ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਹੈ, ਪੰਜਾਬ ਦੇ ਕਿਸਾਨਾਂ 'ਚ ਇੱਕ ਉਤਾਵਲਾਪਨ ਹੈ ,ਨਹੀਂ ਤਾਂ ਇਹ ਰਸਤਾ ਕਦੇ ਬੰਦ ਨਾ ਕੀਤਾ ਹੁੰਦਾ।
ਇਸ ਤੋਂ ਇੱਕ ਦਿਨ ਪਹਿਲਾਂ ਵੀ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਕਿ ਜੋ ਲੋਕ ਸ਼ੰਭੂ ਬਾਰਡਰ 'ਤੇ ਬੈਠੇ ਹੋਏ ਹਨ ,ਉਹ ਕਿਸਾਨ ਨਹੀਂ ਹਨ ਸਗੋਂ ਕਿਸਾਨਾਂ ਦਾ ਮੁਖੌਟਾ ਪਹਿਨੇ ਉਹ ਕੁੱਝ ਲੋਕ ਹਨ , ਜੋ ਸਿਸਟਮ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਡਿਟੇਲ 'ਚ ਜਾਣ ਦੀ ਲੋੜ ਨਹੀਂ ਹੈ ,ਤੁਸੀਂ ਵੀ ਜਾਣਦੇ ਹੋ ਕਿ ਉਹ ਕੌਣ ਹਨ ? ਅੱਜ ਹਰਿਆਣਾ ਦੇ ਲੋਕ ਇਸ ਗੱਲੋਂ ਖੁਸ਼ ਹਨ ਕਿ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਸੂਬੇ ਵਿਚ ਪੈਰ ਨਹੀਂ ਰੱਖਣ ਦਿੱਤਾ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਨੋਹਰ ਲਾਲ ਖੱਟਰ ਦੇ ਬਿਆਨ 'ਤੇ ਦਿੱਤੀ ਪ੍ਰਤੀਕਿਰਿਆ
ਮਨੋਹਰ ਲਾਲ ਖੱਟਰ ਦੇ ਬਿਆਨ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣ ਵੀ ਅਜਿਹਾ ਨਹੀਂ ਕਰਦਾ , ਜਿਸ ਤਰ੍ਹਾਂ ਬੀਜੇਪੀ ਅਤੇ ਹਰਿਆਣਾ ਦੀ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਹੈ। ਅਜਿਹਾ ਵਿਵਹਾਰ ਦੁਸ਼ਮਣ ਨਾਲ ਵੀ ਨਹੀਂ ਕੀਤਾ ਜਾਂਦਾ। ਇਨ੍ਹਾਂ ਨੇ ਰਸਤਾ ਰੋਕਿਆ ਹੋਇਆ ਹੈ। ਜੇਕਰ ਅਸੀਂ ਹਰਿਆਣਾ 'ਚ ਸੱਤਾ 'ਚ ਆਏ ਤਾਂ ਰਸਤਾ ਖੋਲ੍ਹਿਆ ਜਾਵੇਗਾ। ਕਿਸਾਨ ਦੇਸ਼ ਦਾ ਵਾਸੀ ਹੈ। ਕਿਸਾਨਾਂ ਨੇ ਸਭ ਤੋਂ ਜ਼ਿਆਦਾ ਸ਼ਹੀਦੀਆਂ ਦਿੱਤੀਆਂ ਨੇ ਇਸ ਦੇਸ਼ ਨੂੰ ਬਚਾਉਣ ਲਈ।