Firing in Haryana: ਹਰਿਆਣਾ ’ਚ ਕੁਸ਼ਤੀ ਮੁਕਾਬਲੇ ਦੌਰਾਨ ਪਹਿਲਵਾਨ ਦਾ ਗੋਲੀ ਮਾਰ ਕੇ ਕਤਲ
Firing in Haryana: ਸੋਨੀਪਤ ਦੇ ਖਰਖੌਦਾ ’ਚ ਚਲ ਰਿਹਾ ਸੀ ਦੰਗਲ, ਮੋਟਰਸਾਈਕਲ ’ਤੇ ਆਏ ਨੌਜਵਾਨਾਂ ਨੇ ਕੀਤੀ ਵਾਰਦਾਤ
Firing in Haryana at kushti dangal: ਮਹਾਂ ਸ਼ਿਵਰਾਤਰੀ ਮੌਕੇ ਬੁਧਵਾਰ ਨੂੰ ਸੋਨੀਪਤ ਦੇ ਖਰਖੌਦਾ ਇਲਾਕੇ ਦੇ ਕੁੰਡਲ ਪਿੰਡ ’ਚ ਦੰਗਲ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੁਸ਼ਤੀ ਮੈਚ ਦੌਰਾਨ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਮੋਟਰਸਾਈਕਲ ’ਤੇ ਆਏ ਕੁਝ ਬਦਮਾਸ਼ਾਂ ਨੇ ਨੌਜਵਾਨ ਪਹਿਲਵਾਨ ਰਾਕੇਸ਼ ਸੋਹਤੀ ’ਤੇ ਗੋਲੀਆਂ ਚਲਾ ਦਿਤੀਆਂ। ਗੋਲੀਆਂ ਲੱਗਦੇ ਹੀ ਰਾਕੇਸ਼ ਡਿੱਗ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹਥਿਆਰ ਦਿਖਾਉਂਦੇ ਹੋਏ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਮ੍ਰਿਤਕ ਦੇ ਚਾਚਾ ਚੰਦ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਰਾਕੇਸ਼ ਦਾ ਪਿੰਡ ਦੇ ਹੀ ਮਨੋਜ ਉਰਫ਼ ਕਾਲਾ ਅਤੇ ਉਸ ਦੇ ਪਰਿਵਾਰ ਨਾਲ ਜ਼ਮੀਨ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਕਰੀਬ 6-7 ਮਹੀਨੇ ਪਹਿਲਾਂ ਇਸੇ ਝਗੜੇ ਨੂੰ ਲੈ ਕੇ ਲੜਾਈ ਹੋਈ ਸੀ, ਜਿਸ ਸਬੰਧੀ ਪੁਲਿਸ ਕੋਲ ਕੇਸ ਦਰਜ ਹੋਇਆ ਸੀ। ਪ੍ਰਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮਨੋਜ ਅਤੇ ਉਸ ਦੇ ਭਤੀਜੇ ਸਾਹਿਲ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਇਸ ਰੰਜਿਸ਼ ਨੂੰ ਲੈ ਕੇ ਰਾਕੇਸ਼ ਦਾ ਕਤਲ ਕਰ ਦਿਤਾ।
ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਖਰਖੌਦਾ ਭੇਜ ਦਿਤੀ ਹੈ। ਪੁਲਿਸ ਨੇ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ, ਤਾਂ ਜੋ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਸਕਣ। ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਦੋਸ਼ੀਆਂ ਦੀ ਭਾਲ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਰਾਕੇਸ਼ ਰੋਹਤਕ ਦੇ ਓਮੈਕਸ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਅਤੇ ਪਿੰਡ ਵਿੱਚ ਇੱਕ ਕੁਸ਼ਤੀ ਅਖਾੜਾ ਚਲਾਉਂਦਾ ਸੀ। ਪ੍ਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕੁਸ਼ਤੀ ਮੁਕਾਬਲੇ ਦੇਖਣ ਅਤੇ ਅਪਣੇ ਲੜਕੇ ਅੰਮ੍ਰਿਤ ਦੀ ਕੁਸ਼ਤੀ ਵਿੱਚ ਭਾਗ ਲੈਣ ਲਈ ਪਿੰਡ ਕੁੰਡਲ ਆਏ ਸਨ। ਘਟਨਾ ਦੇ ਸਮੇਂ ਉਹ ਅਖਾੜੇ ਦੇ ਖਿਡਾਰੀਆਂ ਨਾਲ ਵਾਪਸ ਆ ਰਿਹਾ ਸੀ, ਜਦੋਂ ਮਨੋਜ ਅਤੇ ਸਾਹਿਲ ਨੇ ਪਿਸਤੌਲ ਨਾਲ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਕਤਲੇਆਮ ਤੋਂ ਬਾਅਦ ਪਿੰਡ ਵਿੱਚ ਤਣਾਅ ਦਾ ਮਾਹੌਲ ਹੈ। ਪ੍ਰਵਾਰਕ ਮੈਂਬਰਾਂ ਨੇ ਪੁਲਿਸ ਤੋਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।