ਜ਼ਮੀਨ ਵੇਚ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ਵਿਚ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਟੋਰਾਂਟੋ ਜਾਂਦੇ ਸਮੇਂ ਕਾਰ ਨੂੰ ਟਰੱਕ ਨੇ ਮਾਰੀ ਟੱਕਰ
ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਇੱਕ 24 ਸਾਲਾ ਨੌਜਵਾਨ ਦੀ ਕੈਨੇਡਾ ਵਿਚ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਨੌਜਵਾਨ ਆਪਣੇ ਦੋਸਤ ਨਾਲ ਕਾਰ ਰਾਹੀਂ ਟੋਰਾਂਟੋ ਜਾ ਰਿਹਾ ਸੀ ਕਿ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਾ ਹੈ।
ਮ੍ਰਿਤਕ ਦੀ ਪਛਾਣ ਊਧਮਪ੍ਰੀਤ ਸਿੰਘ (24) ਵਜੋਂ ਹੋਈ ਹੈ, ਜੋ ਕਿ ਯਮੁਨਾਨਗਰ ਦਾ ਰਹਿਣ ਵਾਲਾ ਸੀ। ਊਧਮ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ 2021 ਵਿੱਚ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ ਅਤੇ ਇਸ ਸਮੇਂ ਬਰੈਂਪਟਨ ਵਿੱਚ ਰਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਊਧਮ ਦੇ ਪਿਤਾ ਗੁਰਵਿੰਦਰ ਫੋਟੋਗ੍ਰਾਫੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਹਨ।
ਆਪਣੇ ਪੁੱਤਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ, ਪਿਓ ਨੇ ਆਪਣੀ ਜ਼ਮੀਨ ਵੇਚ ਕਿ ਲੱਖਾਂ ਰੁਪਏ ਖ਼ਰਚ ਕਰਕੇ ਉਸ ਨੂੰ 2021 ਵਿਚ ਕੈਨੇਡਾ ਪੜ੍ਹਨ ਲਈ ਭੇਜਿਆ ਸੀ। ਬਚਪਨ ਤੋਂ ਹੀ, ਊਧਮ ਦਾ ਸੁਪਨਾ ਵਿਦੇਸ਼ ਵਿੱਚ ਪੜ੍ਹਾਈ ਅਤੇ ਕੰਮ ਕਰਨ ਦਾ ਸੀ।
ਰਿਪੋਰਟਾਂ ਅਨੁਸਾਰ ਕੰਮ ਤੋਂ ਦੋ ਦਿਨਾਂ ਦੀ ਛੁੱਟੀ ਹੋਣ ਕਰਕੇ ਊਧਮ ਵੀਰਵਾਰ ਨੂੰ ਆਪਣੇ ਦੋਸਤ ਨਾਲ ਟੋਰਾਂਟੋ ਜਾ ਰਿਹਾ ਸੀ, ਜਿਵੇਂ ਹੀ ਉਹ ਦੁਪਹਿਰ 2:30 ਵਜੇ ਦੇ ਕਰੀਬ ਟੋਰਾਂਟੋ ਦੇ ਨੇੜੇ ਪਹੁੰਚੇ, ਉਨ੍ਹਾਂ ਦੀ ਕਾਰ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾ ਗਈ। ਹਾਦਸੇ ਵਿਚ ਊਧਮ ਸਿੰਘ ਦੀ ਮੌਤ ਹੋ ਗਈ।