ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦੀ ਨਿਰਮਾਣ ਸ਼ੁਰੂ, ਕੇਂਦਰੀ ਮੰਤਰੀ ਨੇ ਰਖਿਆ ਨੀਂਹ ਪੱਥਰ

ਏਜੰਸੀ

ਖ਼ਬਰਾਂ, ਹਰਿਆਣਾ

ਯਮੁਨਾਨਗਰ ਜ਼ਿਲ੍ਹੇ ਦੇ ਭਗਵਾਨਪੁਰ ਪਿੰਡ ਵਿਚ ਬਣਾਈ ਜਾਵੇਗੀ ਯਾਦਗਾਰ

ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦੀ ਨਿਰਮਾਣ ਸ਼ੁਰੂ, ਕੇਂਦਰੀ ਮੰਤਰੀ ਨੇ ਰਖਿਆ ਨੀਂਹ ਪੱਥਰ

ਯਮੁਨਾਨਗਰ : ਯਮੁਨਾਨਗਰ ਜ਼ਿਲ੍ਹੇ ਦੇ ਭਗਵਾਨਪੁਰ ਪਿੰਡ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਮਰਪਿਤ ਵਿਸ਼ਵ ਪੱਧਰੀ ਯਾਦਗਾਰ ਅਤੇ ਅਜਾਇਬ ਘਰ ਦਾ ਅੱਜ ਨੀਂਹ ਪੱਥਰ ਰਖਿਆ ਗਿਆ। ਕੇਂਦਰੀ ਬਿਜਲੀ, ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰਖਿਆ। ਇਹ ਸਮਾਰਕ ਨਾ ਕੇਵਲ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਨੂੰ ਯਾਦ ਕਰੇਗਾ ਬਲਕਿ ਖਾਲਸਾ ਸਾਮਰਾਜ ਦੇ ਮਾਣ ਨੂੰ ਵੀ ਜੀਵੰਤ ਕਰੇਗਾ। 

ਇਸ ਮੌਕੇ ਕੈਬਨਿਟ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਅਪਣੇ  ਸੰਬੋਧਨ ’ਚ ਕਿਹਾ, ‘‘ਦੇਸ਼ ਦੀ ਧਰਤੀ ਉਤੇ  ਕਈ ਯੋਧੇ ਪੈਦਾ ਹੋਏ ਹਨ। ਉਨ੍ਹਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਨੂੰ ਲੋਕਾਂ ਤਕ  ਪਹੁੰਚਾਉਣ ਅਤੇ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ। ਬਾਬਾ ਬੰਦਾ ਬਹਾਦਰ ਨੇ ਖ਼ੁਦ ਨੂੰ ਬਲੀਦਾਨ ਦੇ ਕੇ ਦੇਸ਼ ਨੂੰ ਇਕ  ਸੰਦੇਸ਼ ਦਿਤਾ।’’

ਇਹ ਪ੍ਰਾਜੈਕਟ ਲਗਭਗ 20 ਏਕੜ ਰਕਬੇ ਵਿਚ ਫੈਲਿਆ ਹੋਵੇਗਾ। ਯਾਦਗਾਰ ਵਿਚ ਕਿਲ੍ਹੇ ਵਰਗਾ ਵਿਸ਼ਾਲ ਢਾਂਚਾ, 70 ਫੁੱਟ ਉੱਚੀ ਮੂਰਤੀ ਅਤੇ ਇਕ  ਆਧੁਨਿਕ ਥੀਏਟਰ ਹੋਵੇਗਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਉਤੇ ਅਧਾਰਿਤ ਫਿਲਮ ਵਿਖਾਈ ਜਾਵੇਗੀ। ਇਸ ਤੋਂ ਇਲਾਵਾ ਕੈਂਪਸ ਵਿਚ ਗੱਤਕਾ ਕਲਾਸਾਂ ਵੀ ਲਗਾਈਆਂ ਜਾਣਗੀਆਂ ਤਾਂ ਜੋ ਨੌਜੁਆਨ ਪੀੜ੍ਹੀ ਸਿੱਖ ਪਰੰਪਰਾਵਾਂ ਅਤੇ ਬਹਾਦਰੀ ਨੂੰ ਸਿੱਖ ਸਕੇ। 

ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਲਈ 72 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ ਹੈ। ਬਾਕੀ ਅੰਦਰੂਨੀ ਅਤੇ ਸਜਾਵਟ ਦੇ ਕੰਮਾਂ ਲਈ ਇਕ  ਵੱਖਰਾ ਬਜਟ ਜਾਰੀ ਕੀਤਾ ਜਾਵੇਗਾ। ਪਹਿਲੇ ਪੜਾਅ ’ਚ ਕਿਲ੍ਹੇ ਵਰਗੀ ਕੰਧ, ਅਜਾਇਬ ਘਰ ਦੀ ਇਮਾਰਤ, ਲੈਂਡਸਕੇਪਿੰਗ ਅਤੇ ਮੁੱਖ ਪ੍ਰਵੇਸ਼ ਦੁਆਰ ਦਾ ਨਿਰਮਾਣ ਕੀਤਾ ਜਾਵੇਗਾ, ਜਦਕਿ ਦੂਜੇ ਪੜਾਅ ’ਚ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਸੰਘਰਸ਼ ਉਤੇ  ਆਧਾਰਤ  ਸਮੱਗਰੀ ਅਤੇ ਸੈੱਟ ਡਿਜ਼ਾਈਨ ਤਿਆਰ ਕੀਤੇ ਜਾਣਗੇ। 

ਸਮਾਰਕ ਦਾ ਮੁੱਖ ਪ੍ਰਵੇਸ਼ ਦੁਆਰ ਪੰਜਾਬ ਦੇ ਇਤਿਹਾਸਕ ਕਿਲ੍ਹੇ ਦੀ ਆਰਕੀਟੈਕਚਰ ਤੋਂ ਪ੍ਰੇਰਿਤ ਹੋਵੇਗਾ। ਇਹ ਗੇਟ ਅਜਿੱਤ ਲੋਹਗੜ੍ਹ ਕਿਲ੍ਹੇ ਦੀ ਵਿਰਾਸਤ ਦਾ ਸਨਮਾਨ ਕਰਨ ਦੇ ਉਦੇਸ਼ ਨਾਲ ਬਣਾਇਆ ਜਾਵੇਗਾ। ਇਹ ਪੰਜਾਬ ਦੇ ਮਹਾਨ ਕਿਲ੍ਹਿਆਂ ਦੀਆਂ ਆਰਕੀਟੈਕਚਰਲ ਵਿਸ਼ੇਸ਼ਤਾਵਾਂ ਨੂੰ ਦਰਸਾਏਗਾ। ਇਹ ਸਮਾਰਕ ਨਾ ਕੇਵਲ ਸ਼ਰਧਾ ਦਾ ਪ੍ਰਤੀਕ ਹੋਵੇਗਾ, ਬਲਕਿ ਭਾਰਤ ਦੇ ਇਤਿਹਾਸ ਵਿਚ ਸਿੱਖ ਵੀਰਤਾ, ਰਾਸ਼ਟਰਭਗਤੀ ਅਤੇ ਅਗਵਾਈ ਦੀ ਅਮਿਟ ਛਾਪ ਨੂੰ ਨਵੀਂ ਪੀੜ੍ਹੀ ਤਕ  ਪਹੁੰਚਾਉਣ ਦਾ ਮਾਧਿਅਮ ਵੀ ਬਣੇਗਾ।