ਬਸਪਾ ਹਰਿਆਣਾ ਪ੍ਰਧਾਨ ਦਾ ਕਾਤਲ ਮੁਕਾਬਲੇ ’ਚ ਹਲਾਕ
ਮੁਕਾਬਲੇ ’ਚ 2 ਤੋਂ 3 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ
ਅੰਬਾਲਾ : ਹਰਿਆਣਾ ਦੇ ਨਾਰਾਇਣਗੜ੍ਹ ’ਚ ਹੋਏ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਸਕੱਤਰ ਹਰਬਿਲਾਸ ਰੱਜੁਮਾਜਰਾ ਗੋਲੀਕਾਂਡ ਦੇ ਮੁੱਖ ਸ਼ੂਟਰ ਸਾਗਰ ਨੂੰ ਪੁਲਿਸ ਨੇ ਇਕ ਮੁਕਾਬਲੇ ’ਚ ਹਲਾਕ ਕਰ ਦਿਤਾ ਹੈ। ਉਹ ਮੁਲਾਣਾ ਮਹਾਰਾਣਾ ਪ੍ਰਤਾਪ ਨੈਸ਼ਨਲ ਕਾਲਜ ਕੋਲ ਅੰਬਾਲਾ ਪੁਲਿਸ ਅਤੇ ਹਰਿਆਣਾ ਐਸ.ਟੀ.ਐਫ਼. ਨਾਲ ਹੋਏ ਮੁਕਾਬਲੇ ’ਚ ਮਾਰਿਆ ਗਿਆ। ਮੁਕਾਬਲੇ ’ਚ 2 ਤੋਂ 3 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਹਰਬਿਲਾਸ ’ਤੇ ਹਮਲੇ ਦੌਰਾਨ ਉਨ੍ਹਾਂ ਦੇ 2 ਸਾਥੀ ਵੀ ਜ਼ਖਮੀ ਹੋਏ ਸਨ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਘਰੇਲੂ ਇਲਾਕੇ ਅੰਬਾਲਾ ਦੇ ਨਰਾਇਣਗੜ੍ਹ ਵਿਚ ਬਸਪਾ ਨੇਤਾ ਹਰਬਿਲਾਸ ਰੱਜੂਮਾਜਰਾ ਦੀ 25 ਜਨਵਰੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਲਗਭਗ 4 ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ 5 ਗੋਲੀਆਂ ਨੇਤਾ ਦੀ ਛਾਤੀ ਵਿਚ ਲੱਗੀਆਂ। ਉਸ ਦੇ ਨਾਲ ਹੀ ਉਸ ਦੇ ਦੋ ਸਾਥੀ ਵੀ ਜ਼ਖ਼ਮੀ ਹੋ ਗਏ ਸਨ। ਚਸ਼ਮਦੀਦਾਂ ਦੇ ਅਨੁਸਾਰ, ਤਿੰਨ-ਚਾਰ ਨਕਾਬਪੋਸ਼ ਬਦਮਾਸ਼ ਸ਼ੁਕਰਵਾਰ ਸ਼ਾਮ 7:20 ਵਜੇ ਦੇ ਕਰੀਬ ਆਹਲੂਵਾਲੀਆ ਪਾਰਕ ਨੇੜੇ ਇਕ ਆਈ-20 ਕਾਰ ਵਿਚ ਆਏ। ਉਨ੍ਹਾਂ ਨੇ ਹਰਬਿਲਾਸ਼ ਦੀ ਕਾਰ ਨੂੰ ਓਵਰਟੇਕ ਕੀਤਾ ਅਤੇ ਉਸ ਨੂੰ ਰੋਕ ਲਿਆ ਅਤੇ ਦੋਵਾਂ ਪਾਸਿਆਂ ਤੋਂ ਕਾਰ 'ਤੇ ਗੋਲੀਬਾਰੀ ਸ਼ੁਰੂ ਕਰ ਦਿਤੀ।
ਗੋਲੀਆਂ ਤੋਂ ਬਚਣ ਲਈ, ਹਰਬਿਲਾਸ ਅਤੇ ਉਸ ਦੇ ਸਾਥੀ ਕਾਰ ਵਿਚੋਂ ਉਤਰ ਕੇ ਭੱਜ ਗਏ। ਉਹ ਨੇੜਲੀ ਦੁਕਾਨ ਵੱਲ ਭੱਜ ਰਹੇ ਸੀ ਪਰ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਦੁਕਾਨ ਦੀਆਂ ਪੌੜੀਆਂ 'ਤੇ ਸੁੱਟ ਦਿਤਾ ਅਤੇ ਉਸ ਦੀ ਛਾਤੀ ਵਿਚ ਪੰਜ ਗੋਲੀਆਂ ਮਾਰ ਦਿਤੀਆਂ। ਇਸ ਦੌਰਾਨ, ਹਰਬਿਲਾਸ ਦੇ ਦੋਸਤ ਚੁਨੂੰ ਡਾਂਗ, ਜੋ ਉਸ ਦੇ ਨਾਲ ਮੌਜੂਦ ਸੀ, ਨੂੰ ਵੀ ਗੋਲੀ ਲੱਗ ਗਈ। ਜਦਕਿ, ਉਸ ਦਾ ਤੀਜਾ ਸਾਥੀ ਗੁੱਗਲ ਪੰਡਿਤ ਝਗੜੇ ਵਿਚ ਜ਼ਖ਼ਮੀ ਹੋ ਗਿਆ ਹੈ।
ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ, ਹਮਲਾਵਰ ਅਪਣੇ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਭੱਜ ਗਏ ਸਨ ਪਰ ਅੱਜ ਮੁੱਖ ਸ਼ੂਟਰ ਸਾਗਰ ਪੁਲਿਸ ਤੋਂ ਨਹੀਂ ਬਚ ਸਕਿਆ। ਬੀਤੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਹਰਬਿਲਾਸ ਨੇ ਬਸਪਾ-ਇਨੈਲੋ ਦੇ ਸਾਂਝੇ ਉਮੀਦਵਾਰ ਵਜੋਂ ਨਾਰਾਇਣਗੜ੍ਹ ਸੀਟ ਤੋਂ ਚੋਣ ਲੜੀ ਸੀ। ਉਸ ਨੂੰ 28 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ। ਉਹ ਹਰਿਆਣਾ ਵਿਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਸਨ।