ਸਿਰਸਾ ’ਚ ਬੀ.ਐਸ.ਸੀ. ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਚੌਧਰੀ ਦੇਵੀਲਾਲ ਯੂਨੀਵਰਿਸਟੀ ਦੀ ਵਿਦਿਆਰਥਣ ਸੀ ਮੀਨਾਕਸ਼ੀ

B.Sc. student commits suicide in Sirsa

ਸਿਰਸਾ : ਸਿਰਸਾ ਜ਼ਿਲ੍ਹੇ ਤੋਂ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਬੁੱਧਵਾਰ ਨੂੰ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ । ਵਿਦਿਆਰਥਣ ਬਰਨਾਲਾ ਰੋਡ ’ਤੇ ਸਥਿਤ ਪੀਜੀ ਵਿੱਚ ਰਹਿੰਦੀ ਸੀ ਅਤੇ ਉਹ ਚੌਧਰੀ ਦੇਵੀਲਾਲ ਯੂਨੀਵਰਿਸਟੀ ਵਿੱਚ ਪੜ੍ਹਾਈ ਕਰ ਰਹੀ ਸੀ ਅਤੇ ਉਸ ਦੇ ਪਿਤਾ ਪੁਲਿਸ ਕਰਮਚਾਰੀ ਹੈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 22 ਸਾਲਾ ਵਿਦਿਆਰਥਣ ਮੀਨਾਕਸ਼ੀ ਸਿਰਸਾ ਜ਼ਿਲ੍ਹੇ ਦੇ ਖੈਰਾ ਪਿੰਡ ਦੀ ਰਹਿਣ ਵਾਲੀ ਸੀ। ਉਹ ਸੀ.ਡੀ.ਐਲ.ਯੂ ਵਿੱਚ ਬੀ.ਐੱਸ.ਸੀ. ਫਾਈਨਲ ਈਅਰ ਵਿੱਚ ਪੜ੍ਹਦੀ ਸੀ। ਪਿਛਲੇ ਇੱਕ ਸਾਲ ਤੋਂ ਉਹ ਬਰਨਾਲਾ ਰੋਡ ਸਥਿਤ ਗਰਲਜ਼ ਪੀਜੀ ਵਿੱਚ ਰਹਿ ਰਹੀ ਸੀ।

ਮੀਨਾਕਸ਼ੀ ਬੁੱਧਵਾਰ ਸਵੇਰੇ ਪੀਜੀ ਤੋਂ ਖਾਣਾ ਖਾ ਕੇ ਯੂਨੀਵਰਸਿਟੀ ਲਈ ਗਈ ਸੀ। ਪਰ ਕੁਝ ਦੇਰ ਬਾਅਦ ਹੀ ਉਹ ਪੀਜੀ ਵਾਪਸ ਆ ਗਈ ਅਤੇ ਆਪਣੇ ਕਮਰੇ ਦਾ ਗੇਟ ਬੰਦ ਕਰ ਕੇ ਅੰਦਰ ਚਲੀ ਗਈ। ਕੁਝ ਦੇਰ ਤੱਕ ਉਹ ਕਮਰੇ ਤੋਂ ਬਾਹਰ ਨਹੀਂ ਆਈ ਤਾਂ ਗੇਟ ਖੋਲ੍ਹ ਕੇ ਵੇਖਿਆ ਤਾਂ ਉਹ ਪੱਖੇ ਨਾਲ ਫੰਦੇ 'ਤੇ ਲਟਕੀ ਮਿਲੀ। ਇਸ ਤੋਂ ਬਾਅਦ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ। ਵਿਦਿਆਰਥਣ ਨੇ ਚੁੰਨੀ ਨਾਲ ਫੰਦਾ ਬਣਾ ਕੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। 
ਪੁਲਿਸ ਨੇ ਕਮਰੇ ਤੋਂ ਵਿਦਿਆਰਥਣ ਦੀ ਡਾਇਰੀ ਅਤੇ ਫੋਨ ਜਾਂਚ ਲਈ ਕਬਜ਼ੇ ਵਿੱਚ ਲੈ ਲਏ ਹਨ, ਬਾਕੀ ਮਾਮਲੇ ਵਿੱਚ ਜਾਂਚ ਜਾਰੀ ਹੈ । ਪੁਲਿਸ ਨੇ ਪੀਜੀ ਵਿੱਚ ਨਾਲ ਰਹਿਣ ਵਾਲੀਆਂ ਵਿਦਿਆਰਥਣਾਂ ਨਾਲ ਵੀ ਸੰਪਰਕ ਕੀਤਾ, ਪਰ ਕਿਸੇ ਨੂੰ ਅਜਿਹਾ ਕੁਝ ਨਹੀਂ ਪਤਾ ਸੀ। ਪੁਲਿਸ ਪੀਜੀ ਦੇ ਲਾਇਸੰਸ ਬਾਰੇ ਜਾਂਚ ਕਰੇਗੀ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਦਿਆਰਥਣ ਪੜ੍ਹਾਈ ਨੂੰ ਲੈ ਕੇ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ। ਇਸੇ ਕਾਰਨ ਉਸ ਨੇ ਇਹ ਕਦਮ ਚੁੱਕ ਲਿਆ। ਜਦਿਕ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਲੈਣੇ ਬਾਕੀ ਹਨ।

ਸਿਵਲ ਲਾਈਨ ਥਾਣੇ ਤੋਂ ਐੱਸ.ਆਈ. ਰੋਹਤਾਸ਼ ਕੁਮਾਰ ਨੇ ਦੱਸਿਆ ਕਿ ਸਾਈ ਪੀਜੀ ਇੱਕ ਮਕਾਨ ਵਿੱਚ ਬਣੀ ਹੈ ਅਤੇ ਉਸ ਦੇ ਗ੍ਰਾਊਂਡ ਫਲੋਰ 'ਤੇ ਪਰਿਵਾਰ ਰਹਿੰਦਾ ਹੈ ਅਤੇ ਪਹਿਲੀ ਮੰਜ਼ਿਲ 'ਤੇ ਪੀਜੀ ਵਜੋਂ ਪੰਜ ਕਮਰੇ ਬਣਾਏ ਹੋਏ ਹਨ। ਪੀਜੀ ਵਿੱਚ ਕਰੀਬ 11 ਲੜਕੀਆਂ ਰਹਿੰਦੀਆਂ ਹਨ। ਇਸ ਗਲੀ ਵਿੱਚ ਪੀਜੀਆਂ ਦੀ ਭਰਮਾਰ ਹੈ ਅਤੇ ਸਾਈ ਪੀਜੀ ਦੇ ਸਾਹਮਣੇ ਹੀ ਬੌਇਲ ਪੀਜੀ ਹੈ। ਰਹੀ ਗੱਲ ਪੀਜੀ ਦੇ ਲਾਇਸੰਸ ਦੀ, ਉਹ ਪੁਲਿਸ ਜਾਂਚ ਕਰੇਗੀ। ਇਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।

ਸਿਵਲ ਲਾਈਨ ਥਾਣੇ ਵਿੱਚ ਪਿਤਾ ਐੱਸ.ਪੀ.ਓ. ਹੈ। ਯੂਨੀਵਰਸਿਟੀ ਵੱਲੋਂ ਵੀ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਹੈ। ਵਿਦਿਆਰਥਣ ਦੇ ਪਿਤਾ ਸਿਰਸਾ ਸਿਵਲ ਲਾਈਨ ਥਾਣੇ ਵਿੱਚ ਐੱਸ.ਪੀ.ਓ. ਹਨ। ਵਿਦਿਆਰਥਣ ਦੇ ਪਿਤਾ ਹੀ ਅਕਸਰ ਉਸ ਨੂੰ ਖਾਣਾ-ਪੀਣਾ ਅਤੇ ਹੋਰ ਸਾਮਾਨ ਘਰੋਂ ਲਿਆ ਕੇ ਦਿੰਦੇ ਸਨ। ਅਚਾਨਕ ਉਸ ਨੇ ਇਹ ਕਦਮ ਚੁੱਕ ਲਿਆ ਇਸ ਗੱਲ ਨੂੰ ਲੈ ਕੇ ਪਰਿਵਾਰ ਵੀ ਚਿੰਤਤ ਹੈ।