Ram Rahim : ਹਰਿਆਣਾ 'ਚ ਵੋਟਾਂ ਤੋਂ ਪਹਿਲਾਂ ਜੇਲ੍ਹ ਤੋਂ ਬਾਹਰ ਆ ਸਕਦਾ ਸੌਦਾ ਸਾਧ ! ਚੋਣ ਕਮਿਸ਼ਨ ਨੇ ਸਰਕਾਰ ਨੂੰ ਦਿੱਤੀ ਪੈਰੋਲ ਦੀ ਮਨਜ਼ੂਰੀ

ਏਜੰਸੀ

ਖ਼ਬਰਾਂ, ਹਰਿਆਣਾ

ਸੌਦਾ ਸਾਧ ਹਰਿਆਣਾ 'ਚ ਨਹੀਂ ਜਾਵੇਗਾ ,ਕੋਈ ਸਿਆਸੀ ਸਰਗਰਮੀ ਨਹੀਂ ਕਰੇਗਾ ਅਤੇ ਕਿਸੇ ਵੀ ਚੋਣ ਗਤੀਵਿਧੀ ਵਿੱਚ ਹਿੱਸਾ ਨਹੀਂ ਲਵੇਗਾ

Ram Rahim Parole

 Ram Rahim Parole : ਜਬਰ ਜਨਾਹ ਦੇ ਦੋਸ਼ ’ਚ ਜੇਲ੍ਹ 'ਚ ਸਜ਼ਾ ਭੁਗਤ ਰਹੇ ਸੌਦਾ ਸਾਦ ਦੇ ਇਕ ਵਾਰੀ ਫਿਰ ਜੇਲ੍ਹ ਤੋਂ ਬਾਹਰ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਹਰਿਆਣਾ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਸੌਦਾ ਸਾਧ ਨੂੰ ਇਕ ਵਾਰੀ ਫਿਰ ਪੈਰੋਲ ਦੇਣ ਲਈ ਹਰਿਆਣਾ ਸਰਕਾਰ ਨੂੰ ਇਜਾਜ਼ਤ ਦੇ ਦਿਤੀ ਸੀ। 

ਦਰਅਸਲ 'ਚ ਸੌਦਾ ਸਾਧ ਨੇ 20 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਚੋਣ ਜ਼ਾਬਤਾ ਲੱਗਾ ਹੋਣ ਕਾਰਨ ਸੂਬਾ ਸਰਕਾਰ ਨੇ ਸੌਦਾ ਸਾਧ ਦੀ ਅਰਜ਼ੀ ਚੋਣ ਕਮਿਸ਼ਨ ਨੂੰ ਭੇਜ ਦਿਤੀ ਸੀ, ਜਿਸ ਨੇ ਪੈਰੋਲ ਦੇਣ ਲਈ ਹਰਿਆਣਾ ਸਰਕਾਰ ਨੂੰ ਇਜਾਜ਼ਤ ਦੇ ਦਿਤੀ ਹੈ। ਕਮਿਸ਼ਨ ਨੇ ਸੂਬਾ ਸਰਕਾਰ ਨੂੰ ਪੈਰੋਲ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਸੌਦਾ ਸਾਧ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਹੈ।

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਚੋਣ ਜ਼ਾਬਤੇ ਦੇ ਨਿਯਮਾਂ ਨੂੰ ਦੇਖਦੇ ਹੋਏ ਸੌਦਾ ਸਾਧ ਨੂੰ ਪੈਰੋਲ ਦੇ ਸਕਦਾ ਹੈ। ਇਸ ਦੇ ਲਈ ਕਮਿਸ਼ਨ ਨੇ 3 ਸ਼ਰਤਾਂ ਵੀ ਲਗਾਈਆਂ ਹਨ। ਸੂਤਰਾਂ ਮੁਤਾਬਕ ਹਰਿਆਣਾ ਸਰਕਾਰ ਨੂੰ ਭੇਜੇ ਪੱਤਰ ਵਿੱਚ 3 ਸ਼ਰਤਾਂ ਦਾ ਜ਼ਿਕਰ ਕੀਤਾ ਗਿਆ ਹੈ। ਪਹਿਲੀ ਸ਼ਰਤ ਇਹ ਹੈ ਕਿ ਸੌਦਾ ਸਾਧ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹਰਿਆਣਾ 'ਚ ਨਹੀਂ ਜਾਵੇਗਾ। 

ਦੂਜੀ ਸ਼ਰਤ ਇਹ ਰੱਖੀ ਗਈ ਹੈ ਕਿ ਉਹ ਚੋਣਾਂ ਦੌਰਾਨ ਕੋਈ ਸਿਆਸੀ ਸਰਗਰਮੀ ਨਹੀਂ ਕਰੇਗਾ। ਇਸ ਦੇ ਨਾਲ ਹੀ ਸੌਦਾ ਸਾਧ ਸੋਸ਼ਲ ਮੀਡੀਆ ਰਾਹੀਂ ਕਿਸੇ ਵੀ ਚੋਣ ਗਤੀਵਿਧੀ ਵਿੱਚ ਹਿੱਸਾ ਨਹੀਂ ਲਵੇਗਾ। ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਜੇਕਰ ਸੌਦਾ ਸਾਧ ਚੋਣ ਜ਼ਾਬਤੇ ਜਾਂ ਦਿੱਤੀਆਂ ਗਈਆਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੀ ਪੈਰੋਲ ਤੁਰੰਤ ਰੱਦ ਕਰ ਦਿੱਤੀ ਜਾਵੇਗੀ।

ਪਿਛਲੀ ਵਾਰ 21 ਦਿਨਾਂ ਲਈ ਪੈਰੋਲ 'ਤੇ ਬਾਹਰ ਆਇਆ ਸੀ ਸੌਦਾ ਸਾਧ

ਦੱਸ ਦੇਈਏ ਕਿ ਸੌਦਾ ਸਾਧ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਸਨੇ ਹਾਲ ਹੀ ਵਿੱਚ ਸਰਕਾਰ ਤੋਂ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਸੀ। ਸੌਦਾ ਸਾਧ ਨੇ ਜੇਲ੍ਹ ਵਿਭਾਗ ਨੂੰ ਅਰਜ਼ੀ ਦੇ ਕੇ 20 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਸੀ। ਇਸ ਦੌਰਾਨ ਉਸ ਨੇ ਉੱਤਰ ਪ੍ਰਦੇਸ਼ ਦੇ ਬਰਨਵਾ ਆਸ਼ਰਮ ਵਿੱਚ ਰਹਿਣ ਦੀ ਗੱਲ ਕੀਤੀ। ਇਸ ਤੋਂ ਪਹਿਲਾਂ ਰਾਮ ਰਹੀਮ ਅਗਸਤ 'ਚ 21 ਦਿਨਾਂ ਲਈ ਫਰਲੋ 'ਤੇ ਆਇਆ ਸੀ।

ਦੱਸ ਦੇਈਏ ਕਿ ਹਰਿਆਣਾ ਚੋਣਾਂ ਦੌਰਾਨ ਜਿਨਸੀ ਸੋਸ਼ਣ ਅਤੇ ਕਤਲ ਦੇ ਮਾਮਲੇ ’ਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਨੇ ਸਰਕਾਰ ਤੋਂ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਸੀ। ਸੌਦਾ ਸਾਧ ਦਾ ਹਰਿਆਣਾ ਦੇ ਸਿਰਸਾ, ਅੰਬਾਲਾ, ਕੁਰੂਕਸ਼ੇਤਰ ਅਤੇ ਹਿਸਾਰ ਜ਼ਿਲ੍ਹਿਆਂ ’ਚ ਕਾਫ਼ੀ ਪ੍ਰਭਾਵ ਹੈ। ਇਨ੍ਹਾਂ ਚਾਰ ਜ਼ਿਲ੍ਹਿਆਂ ’ਚ ਲਗਭਗ 36 ਵਿਧਾਨ ਸਭਾ ਸੀਟਾਂ ਹਨ। ਹਰਿਆਣਾ ’ਚ 5 ਅਕਤੂਬਰ ਨੂੰ ਵੋਟਾਂ ਪੈਣਗੀਆਂ। ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।