Haryana News: ਸਾਫ਼ਟਵੇਅਰ ਇੰਜੀਨੀਅਰ ਨੇ ਪਤਨੀ ਦਾ ਕਤਲ ਕਰਕੇ ਫਿਰ ਆਪ ਕੀਤੀ ਖ਼ੁਦਕੁਸ਼ੀ
Haryana News:ਅਜੇ ਅਤੇ ਸਵੀਟੀ ਸ਼ਰਮਾ ਦਾ ਤਿੰਨ ਸਾਲ ਪਹਿਲਾਂ ਹੋਇਆ ਸੀ ਵਿਆਹ
Software engineer kills wife haryana News: ਹਰਿਆਣਾ ਦੇ ਗੁਰੂਗ੍ਰਾਮ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਸਾਫ਼ਟਵੇਅਰ ਇੰਜੀਨੀਅਰ ਨੇ ਇੱਕ ਰਿਹਾਇਸ਼ੀ ਸੋਸਾਇਟੀ ਵਿੱਚ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਪਤੀ ਨੇ ਫਿਰ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਦੇ ਅਨੁਸਾਰ ਪਤੀ ਅਜੈ ਕੁਮਾਰ (30) ਨੇ ਆਪਣੇ ਇੱਕ ਦੋਸਤ ਨੂੰ ਇੱਕ ਵੀਡੀਓ ਸੁਨੇਹਾ ਵੀ ਭੇਜਿਆ ਸੀ, ਜਿਸ ਵਿੱਚ ਖ਼ੁਦਕੁਸ਼ੀ ਕਰਨ ਦਾ ਕਾਰਨ ਦੱਸਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ, ਪੁਲਿਸ ਅਪਾਰਟਮੈਂਟ ਪਹੁੰਚੀ ਅਤੇ ਜੋੜੇ ਨੂੰ ਮ੍ਰਿਤਕ ਪਾਇਆ।
ਪੁਲਿਸ ਨੇ ਦੱਸਿਆ ਕਿ ਅਜੇ ਅਤੇ ਸਵੀਟੀ ਸ਼ਰਮਾ (28), ਦੋਵੇਂ ਸਾਫ਼ਟਵੇਅਰ ਇੰਜੀਨੀਅਰ ਸਨ ਤੇ ਇਨ੍ਹਾਂ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਗੁਰੂਗ੍ਰਾਮ ਵਿੱਚ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦੇ ਸਨ। ਪੁਲਿਸ ਦੇ ਅਨੁਸਾਰ, ਅਜੈ ਦੇ ਦੋਸਤ ਨੇ ਫ਼ੋਨ ਕਰਕੇ ਦੱਸਿਆ ਸੀ ਕਿ ਉਸ ਦੇ ਦੋਸਤ ਨੇ ਉਸ ਨੂੰ ਐਤਵਾਰ ਦੁਪਹਿਰ 3.15 ਵਜੇ ਇੱਕ ਵੀਡੀਓ ਭੇਜਿਆ ਸੀ, ਜਿਸ ਵਿੱਚ ਉਸਨੇ ਕਿਹਾ ਸੀ ਕਿ ਉਹ ਖੁਦਕੁਸ਼ੀ ਕਰਨ ਜਾ ਰਿਹਾ ਹੈ।
ਪੁਲਿਸ ਨੇ ਅਜੈ ਦੇ ਦੋਸਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਦੋਵੇਂ ਪਤੀ ਪਤਨੀ ਵਿਚ ਝਗੜਾ ਹੋਇਆ ਹੋਵੇਗਾ। ਅਧਿਕਾਰੀ ਨੇ ਅੱਗੇ ਕਿਹਾ ਕਿ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਸਵੀਟੀ ਦੀ ਲਾਸ਼ ਜ਼ਮੀਨ 'ਤੇ ਪਈ ਸੀ ਅਤੇ ਉਸ ਦੇ ਗਲੇ ਵਿੱਚ ਇੱਕ ਸਕਾਰਫ਼ ਲਪੇਟਿਆ ਹੋਇਆ ਸੀ। ਇਸ ਦੌਰਾਨ, ਅਜੈ ਨੂੰ ਪੱਖੇ ਨਾਲ ਬਣੇ ਫੰਦੇ ਨਾਲ ਲਟਕਿਆ ਹੋਇਆ ਪਾਇਆ ਗਿਆ। ਪੁਲਿਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਜੈ ਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ। ਹਾਲਾਂਕਿ, ਪੁਲਿਸ ਦੇ ਅਨੁਸਾਰ, ਦੋਵਾਂ ਘਟਨਾਵਾਂ ਦੇ ਪਿੱਛੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।