Kaithal News: ਡੰਕੀ ਰਾਹੀਂ ਅਮਰੀਕਾ ਜਾ ਰਹੇ ਕੈਥਲ ਦੇ ਨੌਜਵਾਨ ਨੂੰ ਡੌਕਰਾਂ ਨੇ ਗੋਲੀ ਮਾਰ ਕੇ ਮਾਰਿਆ
Kaithal News: ਡੌਕਰਾਂ ਨੇ ਬੰਧਕ ਬਣਾ ਕੇ ਪ੍ਰਵਾਰ ਤੋਂ ਮੰਗੇ ਸਨ ਲਗਭਗ 17.5 ਲੱਖ ਰੁਪਏ
Kaithal youth killed by dockers News: ਹਰਿਆਣਾ ਦੇ ਕੈਥਲ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਡੰਕੀ ਰਾਹੀਂ ਅਮਕੀਕਾ ਜਾ ਰਹੇ ਮੋਹਣਾ ਪਿੰਡ ਦੇ ਯੁਵਰਾਜ ਨੂੰ ਡੌਕਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਇਹ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਜਾਣਕਾਰੀ ਅਨੁਸਾਰ, ਹਰਿਆਣਾ ਅਤੇ ਪੰਜਾਬ ਦੇ ਦੋ ਨੌਜਵਾਨਾਂ ਨੂੰ 'ਡੰਕੀ ਰੂਟ' ਰਾਹੀਂ ਅਮਰੀਕਾ ਲਿਜਾਂਦੇ ਸਮੇਂ ਡੌਕਰਾਂ ਨੇ ਬੰਧਕ ਬਣਾ ਲਿਆ। ਡੌਕਰਾਂ ਨੇ ਹਰਿਆਣਾ ਦੇ ਨੌਜਵਾਨ ਦੇ ਪਿਤਾ ਨੂੰ ਤਸ਼ੱਦਦ ਦੀਆਂ ਵੀਡੀਓ ਭੇਜੀਆਂ, ਜਿਸ ਵਿੱਚ ਨੌਜਵਾਨ ਨੂੰ ਕੁੱਟੇ ਜਾਣ ਅਤੇ ਪਿਸਤੌਲ ਨਾਲ ਉਸ ਵੱਲ ਇਸ਼ਾਰਾ ਕਰਨ ਦੀ ਫੁਟੇਜ ਵੀ ਸ਼ਾਮਲ ਸੀ। ਕੁਝ ਮਹੀਨੇ ਪਹਿਲਾਂ, ਡੌਕਰਾਂ ਨੇ ਨੌਜਵਾਨ ਨੂੰ ਛੱਡਣ ਲਈ ਪਿਤਾ ਤੋਂ 20,000 ਡਾਲਰ (ਲਗਭਗ 1.75 ਲੱਖ ਰੁਪਏ) ਦੀ ਫਿਰੌਤੀ ਮੰਗੀ ਸੀ।
ਵੀਡੀਓ ਵਿੱਚ, ਨੌਜਵਾਨ ਨੇ ਆਪਣੇ ਪਿਤਾ ਤੋਂ ਪੈਸੇ ਮੰਗਦੇ ਹੋਏ ਕਿਹਾ, "ਉਹ ਮੈਨੂੰ ਮਾਰ ਦੇਣਗੇ।" ਨੌਜਵਾਨ ਨੂੰ ਅਮਰੀਕਾ ਭੇਜਣ ਵਾਲਾ ਏਜੰਟ ਵੀ ਫਰਾਰ ਦੱਸਿਆ ਜਾ ਰਿਹਾ ਹੈ। ਦੁਖੀ ਪਰਿਵਾਰ ਪਹਿਲਾਂ ਕੈਥਲ ਦੇ ਐਸਪੀ ਨੂੰ ਮਿਲਿਆ ਸੀ ਅਤੇ ਦੋਸ਼ੀ ਏਜੰਟਾਂ ਵਿਰੁੱਧ ਕਾਰਵਾਈ ਅਤੇ ਆਪਣੇ ਪੁੱਤਰ ਦੀ ਸੁਰੱਖਿਅਤ ਵਾਪਸੀ ਦੀ ਮੰਗ ਕੀਤੀ ਸੀ।
ਐਸਪੀ ਨੇ ਮਾਮਲੇ ਦੀ ਐਫਆਈਆਰ ਦਰਜ ਕਰਨ ਅਤੇ ਜਾਂਚ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ, ਪਰ ਹੁਣ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਯੁਵਰਾਜ ਦੇ ਪਿਤਾ ਕੁਲਦੀਪ, ਜੋ ਕਿ ਕੈਥਲ ਦੇ ਮੋਹਣਾ ਪਿੰਡ ਦੇ ਵਸਨੀਕ ਹਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਲਈ ਕੁਝ ਏਜੰਟਾਂ ਨਾਲ ਸੰਪਰਕ ਕੀਤਾ ਸੀ। ਏਜੰਟਾਂ ਨੇ 41 ਲੱਖ ਰੁਪਏ ਵਿੱਚ ਪੁੱਤ ਨੂੰ ਅਮਰੀਕਾ ਭੇਜਣਾ ਸੀ।