ਲੰਦਨ, 30 ਨਵੰਬਰ: ਇਸ ਸਾਲ 20 ਫ਼ਰਵਰੀ ਨੂੰ 13 ਸਾਲਾ ਸਕੂਲੀ ਵਿਦਿਆਰਥਣ ਨੂੰ ਅਗ਼ਵਾਕਾਰਾਂ ਤੋਂ ਬਚਾਉਣ ਵਾਲੇ ਸਿੱਖ ਟੈਕਸੀ ਡਰਾਈਵਰ ਸਤਬੀਰ ਅਰੋੜਾ ਨੂੰ ਕੁੜੀ ਦੀ ਰਖਿਆ ਕਰਨ ਬਦਲੇ ਸਨਮਾਨਤ ਕੀਤਾ ਗਿਆ ਹੈ। ਸ਼ੇਰਵੈੱਲ ਡਿਸਟ੍ਰਿਕਟ ਕੌਂਸਲ ਦੇ ਬੁਲਾਰੇ ਨੇ ਕਿਹਾ ਕਿ ਸਤਬੀਰ ਅਰੋੜਾ ਨੂੰ ਕੁੜੀ ਦੀ ਰਖਿਆ ਕਰਨ ਲਈ ਇਕ ਸਰਟੀਫ਼ਿਕੇਟ ਨਾਲ ਸਨਮਾਨਤ ਕੀਤਾ ਗਿਆ। ਮੀਡੀਆ ਵਿਚ ਆਈਆਂ ਰੀਪੋਰਟਾਂ ਅਨੁਸਾਰ ਸਤਬੀਰ ਅਰੋੜਾ ਨੇ 20 ਫ਼ਰਵਰੀ ਨੂੰ 13 ਸਾਲਾ ਕੁੜੀ ਨੂੰ ਅਗ਼ਵਾਕਾਰਾਂ ਤੋਂ ਬਚਾਇਆ ਸੀ ਜਿਨ੍ਹਾਂ ਕੋਲ ਚਾਕੂ, ਟੇਪ ਅਤੇ ਨਸ਼ੇ ਦੀਆਂ ਗੋਲੀਆਂ ਸਨ। ਸਕੂਲੀ ਡਰੈਸ ਵਿਚ ਇਸ ਕੁੜੀ ਨੇ 20 ਫ਼ਰਵਰੀ ਨੂੰ ਓਕਸਫ਼ੋਰਡਸ਼ਾਇਰ ਵਿਖੇ ਸਥਿਤ ਅਪਣੇ ਘਰ ਤੋਂ ਗਲੌਕੈਸਟਰ ਰੇਲਵੇ ਸਟੇਸ਼ਨ ਤਕ ਜਾਣ ਲਈ ਉਸ ਦੀ ਟੈਕਸੀ ਬੁਕ ਕੀਤੀ ਸੀ। ਕੁੜੀ ਦੇ ਟੈਕਸੀ ਤੋਂ ਉਤਰਨ ਤੋਂ ਬਾਅਦ ਉਸ ਨੂੰ ਅਗ਼ਵਾ ਕਰਨ ਲਈ 24 ਸਾਲਾ ਸੈਮ ਉਠੇ ਬੈਠਾ ਸੀ। ਉਹ ਕੁੜੀ ਨੂੰ ਅਗ਼ਵਾ ਕਰਨ, ਨਸ਼ੀਲਾ ਪਦਾਰਥ
ਖੁਆਉਣ ਅਤੇ ਬਲਾਤਕਾਰ ਕਰਨ ਸਬੰਧੀ ਪਹਿਲਾਂ ਤੋਂ ਹੀ ਆਨਲਾਈਨ ਚਰਚਾ ਕਰ ਚੁੱਕਾ ਸੀ। ਪਰ ਜਦ ਕੁੜੀ ਟੈਕਸੀ ਡਰਾਈਵਰ ਨਾਲ ਉਥੇ ਪੁੱਜੀ ਤਾਂ ਸੈਮ ਕੁੜੀ ਨੂੰ ਲੈਣ ਨਹੀਂ ਆਇਆ। ਜਦ ਕੁੜੀ ਨੂੰ ਮਿਲਣ ਲਈ ਕੋਈ ਨਹੀਂ ਆਇਆ ਤਾਂ ਟੈਕਸੀ ਡਰਾਈਵਰ ਸਤਬੀਰ ਅਰੋੜਾ ਨੇ ਕੁੜੀ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਪਰ ਕੁੜੀ ਨੇ ਇਨਕਾਰ ਕਰ ਦਿਤਾ। ਇਸ ਮੌਕੇ ਸਤਬੀਰ ਅਰੋੜਾ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਕੁੜੀ ਦੇ ਮਾਪਿਆਂ ਨੂੰ ਪਤਾ ਹੈ ਕਿ ਉਹ ਕਿਥੇ ਹੈ ਜਦਕਿ ਦੂਜੇ ਪਾਸੇ ਕੁੜੀ ਮੁੰਡੇ ਨਾਲ ਫ਼ੋਨ 'ਤੇ ਗੱਲਬਾਤ ਕਰਦੀ ਰਹੀ। ਇਸ ਤੋਂ ਬਾਅਦ ਸਤਬੀਰ ਅਰੋੜਾ ਨੇ ਅਪਣੀ ਪਤਨੀ ਨੂੰ ਫ਼ੋਨ ਕੀਤਾ ਅਤੇ ਕੁੜੀ ਸਬੰਧੀ ਗੱਲਬਾਤ ਕੀਤੀ। ਇਸ ਤੋਂ ਬਾਅਦ ਕੁੜੀ ਸਤਬੀਰ ਅਰੋੜਾ ਦੇ ਭਰੋਸੇ ਵਿਚ ਆ ਗਈ ਅਤੇ ਦਸਿਆ ਕਿ ਉਸ ਦੇ ਮਾਪਿਆਂ ਨੂੰ ਨਹੀਂ ਪਤਾ ਹੈ ਕਿ ਉਹ ਕਿਥੇ ਹੈ। ਬਾਅਦ ਵਿਚ ਸਤਬੀਰ ਅਰੋੜਾ ਨੇ ਪੁਲਿਸ ਨੂੰ ਫ਼ੋਨ ਕੀਤਾ ਅਤੇ ਕੁੜੀ ਨੂੰ ਉਸ ਦੇ ਮਾਪਿਆਂ ਨਾਲ ਮਿਲਵਾਇਆ।
(ਪੀ.ਟੀ.ਆਈ.)