15 ਦਿਨਾਂ 'ਚ 3 ਲੱਖ ਰੋਹਿੰਗਾ ਮੁਸਲਮਾਨ ਬੰਗਲਾਦੇਸ਼ ਪੁੱਜੇ

ਖ਼ਬਰਾਂ, ਕੌਮਾਂਤਰੀ



ਕੋਕਸ ਬਾਜ਼ਾਰ, 9 ਸਤੰਬਰ : ਸੰਯੁਕਤ ਰਾਸ਼ਟਰ ਨੇ ਸਨਿਚਰਵਾਰ ਨੂੰ ਕਿਹਾ ਕਿ ਮਿਆਂਮਾਰ ਦੇ ਰਖਾਈਨ ਸੂਬੇ ਵਿਚ ਤਾਜ਼ਾ ਹਿੰਸਾ ਭੜਕਣ ਦੇ 15 ਦਿਨਾਂ ਵਿਚ ਲਗਭਗ ਤਿੰਨ ਲੱਖ ਰੋਹਿੰਗਾ ਮੁਸਲਮਾਨ ਪਲਾਇਨ ਕਰ ਕੇ ਬੰਗਲਾਦੇਸ਼ ਪਹੁੰਚੇ ਹਨ। ਇਸ ਅੰਕੜੇ ਅਨੁਸਾਰ ਲਗਭਗ ਇਕ ਦਿਨ 'ਚ 20 ਹਜ਼ਾਰ ਰੋਹਿੰਗਾ ਮੁਸਲਮਾਨਾਂ ਨੇ ਪਲਾਇਨ ਕੀਤਾ ਹੈ।

ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੇ ਬੁਲਾਰੇ ਜੋਸੇਫ ਤ੍ਰਿਪੁਰਾ ਨੇ ਕਿਹਾ ਕਿ 25 ਅਗੱਸਤ ਤੋਂ ਬਾਅਦ ਤੋਂ ਲਗਭਗ 2 ਲੱਖ 90 ਹਜ਼ਾਰ ਰੋਹਿੰਗਾ ਮੁਸਲਿਮ ਬੰਗਲਾਦੇਸ਼ ਪਹੁੰਚੇ ਹਨ। ਅਧਿਕਾਰੀਆਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਉਨ੍ਹਾਂ ਪਿੰਡਾਂ ਅਤੇ ਖੇਤਰਾਂ 'ਚ ਜ਼ਿਆਦਾ ਰੋਹਿੰਗਾ ਮੁਸਲਿਮ ਮਿਲੇ ਹਨ ਜਿਨ੍ਹਾਂ ਪਹਿਲਾਂ ਤੋਂ ਰਾਹਤ ਏਜੰਸੀਆਂ ਨੇ ਸ਼ਾਮਲ ਨਹੀਂ ਕੀਤਾ ਸੀ। ਜ਼ਿਆਦਾਤਰ ਰੋਹਿੰਗਾ ਮਿਆਂਮਾਰ ਨਾਲ ਲਗਦੀ ਸਰਹੱਦ ਨੂੰ ਪਾਰ ਕਰ ਕੇ ਪੈਦਲ ਜਾਂ ਕਿਸ਼ਤੀਆਂ ਰਾਹੀਂ ਬੰਗਲਾਦੇਸ਼ ਪਹੁੰਚ ਰਹੇ ਹਨ।

ਸੰਯੁਕਤ ਰਾਸ਼ਟਰ ਨੇ ਕਿਹਾ ਕਿ ਬੁਧਵਾਰ ਨੂੰ ਪਲਾਇਨ 'ਚ ਥੋੜਾ ਵਾਧਾ ਹੋਇਆ, ਜਦੋਂ 300 ਤੋਂ ਵੱਧ ਕਿਸ਼ਤੀਆਂ ਬੰਗਲਾਦੇਸ਼ ਪਹੁੰਚੀਆਂ। ਵੀਰਵਾਰ ਨੂੰ ਸੰਯੁਕਤ ਰਾਸ਼ਟਰ ਨੇ ਬੰਗਲਾਦੇਸ਼ ਪਹੁੰਚੇ ਰੋਹਿੰਗ ਮੁਸਲਿਮਾਂ ਦੀ ਗਿਣਤੀ 1,64,000 ਦੱਸੀ ਸੀ। ਮਿਆਂਮਾਰ 'ਚ ਰੋਹਿੰਗਾ ਮੁਸਲਮਾਨਾਂ ਨਾਲ ਲੰਮੇ ਸਮੇਂ ਤੋਂ ਭੇਦਭਾਵ ਹੁੰਦਾ ਰਿਹਾ ਹੈ। ਮਿਆਂਮਾਰ ਇਨ੍ਹਾਂ ਲੋਕਾਂ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕਰਦਾ ਹੈ। ਮਿਆਂਮਾਰ ਸਰਕਾਰ ਉਨ੍ਹਾਂ ਨੂੰ ਬੰਗਲਾਦੇਸ਼ ਦੇ ਨਾਜਾਇਜ਼ ਪ੍ਰਵਾਸੀ ਮੰਨਦੀ ਹੈ, ਜਦੋਂ ਕਿ ਉਹ ਪੀੜ੍ਹੀਆਂ ਤੋਂ ਮਿਆਂਮਾਰ 'ਚ ਰਹਿ ਰਹੇ ਹਨ। (ਪੀਟੀਆਈ)