ਆਈ.ਐਸ. 'ਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੀ ਔਰਤ ਨੂੰ 8 ਸਾਲ ਦੀ ਜੇਲ

ਖ਼ਬਰਾਂ, ਕੌਮਾਂਤਰੀ

ਫਿਲਾਡੇਲਫੀਆ, 7 ਸਤੰਬਰ : ਇਸਲਾਮਿਕ ਸਟੇਟ 'ਚ ਸ਼ਾਮਲ ਹੋਣ ਲਈ ਸੀਰੀਆ ਜਾਣ ਦੀ ਯੋਜਨਾ ਬਣਾਉਣ ਅਤੇ ਕਈ ਸਾਲਾਂ ਤਕ ਅਤਿਵਾਦੀ ਸੰਗਠਨ ਦੇ ਸੰਦੇਸ਼ਾਂ ਦਾ ਆਨਲਾਈਨ ਪ੍ਰਚਾਰ ਕਰਨ ਦੀ ਗੱਲ ਸਵੀਕਾਰ ਕਰਨ ਵਾਲੀ ਫਿਲਾਡੇਲਫੀਆ ਦੀ ਇਕ ਔਰਤ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਮਿਲਣ ਤੋਂ ਪਹਿਲਾਂ ਔਰਤ ਨੇ ਕਿਹਾ ਸੀ ਕਿ ਉਹ ਬੁਰੀ ਔਰਤ ਨਹੀਂ ਹੈ।
ਅਧਿਕਾਰੀਆਂ ਨੇ ਦਸਿਆ ਕਿ ਕਿਆਨੋ ਥੋਮਸ ਦੋਹਰੀ ਜ਼ਿੰਦਗੀ ਜੀਅ ਰਹੀ ਸੀ। ਉਸ ਦਾ ਪਹਿਲਾ ਰੂਪ ਦੋ ਬੱਚਿਆਂ ਦੀ ਮਿਹਨਤੀ ਮਾਂ ਦਾ ਹੈ, ਉਥੇ ਹੀ ਦੂਜਾ ਬੜਬੋਲਾ ਹੈ ਜੋ ਕਿ ਹਿੰਸਾ ਦਾ ਆਨਲਾਈਨ ਪ੍ਰਚਾਰ ਕਰਦੀ ਸੀ। ਉਸ ਨੇ ਪੱਛਮ ਏਸ਼ੀਆ ਜਾਣ ਲਈ ਕਦਮ ਚੁੱਕੇ ਅਤੇ ਕੱਟੜਪੰਥੀ ਲੋਕਾਂ ਦੇ ਨਾਲ ਨਜ਼ਦੀਕੀ ਸਬੰਧ ਬਣਾਏ। ਇਸਤਗਾਸਾ ਪੱਖ ਨੇ ਦਸਿਆ ਕਿ ਇਸ 'ਚ ਇਸਲਾਮਿਕ ਸਟੇਟ ਦਾ ਉਹ ਇਕ ਲੜਾਕਾ ਵੀ ਸ਼ਾਮਲ ਹੈ ਜਿਸ ਦੇ ਨਾਲ ਉਸ ਨੇ ਆਨਲਾਈਨ ਵਿਆਹ ਕੀਤਾ ਸੀ।
ਕਿਉਨਾ ਥੋਮਸ (33) ਨੇ ਸਜ਼ਾ ਸੁਣਾਈ ਜਾਣ ਤੋਂ ਪਹਿਲਾਂ ਕਿਹਾ, ''ਮੈਂ ਬੁਰੀ ਨਹੀਂ ਹਾਂ। ਮੈਂ ਇਕ ਅਜਿਹੀ ਮਹਿਲਾ ਹਾਂ ਜਿਸ ਨੂੰ ਇਕ ਸਮੇਂ 'ਤੇ ਪ੍ਰਭਾਵਤ ਕੀਤਾ ਜਾ ਸਕਦਾ ਸੀ।'' ਕਿਉਨਾ ਨੂੰ ਸਾਲ 2015 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪਿਛਲੇ ਸਾਲ ਉਸ ਨੇ ਅਤਿਵਾਦੀ ਸਮੂਹਾਂ ਨੂੰ ਸਮਗਰੀ ਉਪਲੱਬਧ ਕਰਵਾਉਣ ਦੀ ਗੱਲ ਸਵੀਕਾਰ ਕਰ ਲਈ ਸੀ। (ਪੀਟੀਆਈ)