ਅਫ਼ਗਾਨਿਸਤਾਨ 'ਚ ਅਹਿਮ ਚੁਨੌਤੀਆਂ ਦੀ ਜੜ੍ਹ ਹੈ ਪਾਕਿਸਤਾਨ: ਅਮਰੀਕਾ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ, 15 ਸਤੰਬਰ: ਅਫ਼ਗਾਨਿਸਤਾਨ 'ਚ ਅਮਰੀਕਾ ਦੇ ਨਿਯੁਕਤ ਰਾਜਦੂਤ ਜਾਨ ਆਰ. ਬਾਸ ਨੇ ਸੰਸਦਾਂ ਨੂੰ ਕਿਹਾ ਕਿ ਅਮਰੀਕਾ, ਅਫ਼ਗਾਨਿਸਤਾਨ 'ਚ ਪਾਕਿਸਤਾਨ ਦੇ ਸਮਰਥ ਅਤੇ ਸਹਿਯੋਗ ਤੋਂ ਬਿਨਾ ਕਾਮਯਾਬ ਨਹੀਂ ਹੋ ਸਕੇਗਾ, ਜੋ ਯੁੱਧ ਪ੍ਰਭਾਵਤ ਇਸ ਦੇਸ਼ 'ਚ ਮਹੱਤਵਪੂਰਨ ਚੁਣੌਤੀਆਂ ਦੀ ਜੜ੍ਹ ਰਿਹਾ ਹੈ।
ਜਾਨ ਆਰ ਬਾਸ ਨੇ ਅਪਣੇ ਨਾਮ ਨੂੰ ਮਨਜ਼ੂਰੀ ਦੇਣ ਲਈ ਸੀਨੇਟ ਦੀ ਵਿਦੇਸ਼ ਸਬੰਧਾਂ ਦੀ ਕਮੇਟੀ ਸਾਹਮਣੇ ਹੋਈ ਬਹਿਸ ਦੌਰਾਨ ਕਿਹਾ ਕਿ ਜੇਕਰ ਉਨ੍ਹਾਂ ਦੇ ਨਾਮ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਪਾਕਿਸਤਾਨ ਸਰਕਾਰ ਦਾ ਰੁਖ਼ ਬਦਲਣ ਦੀ ਅਤੇ ਇਸ ਸਮਸਿਆ ਦਾ ਸੱਭ ਤੋਂ ਚੰਗਾ ਹੱਲ ਖੋਜਣ ਦੀ ਕੋਸ਼ਿਸ਼ ਕਰਨਗੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਸ ਨੂੰ ਅਫ਼ਗਾਨਿਸਤਾਨ 'ਚ ਅਮਰੀਕਾ ਦਾ ਰਾਜਦੂਤ ਨਿਯੁਕਤ ਕੀਤਾ ਹੈ।
ਬਾਸ ਨੇ ਕਿਹਾ ਕਿ ਜ਼ਾਹਿਰ ਤੌਰ 'ਤੇ ਪਾਕਿਸਤਾਨ ਦੀ ਅਫ਼ਗਾਨਿਸਤਾਨ 'ਚ ਅਹਿਮ ਭੂਮਿਕਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਉਹ ਅਫ਼ਗਾਨਿਸਤਾਨ 'ਚ ਕੁਝ ਮਹੱਤਵਪੂਰਨ ਚੁਣੌਤੀਆਂ ਦੀ ਜੜ੍ਹ ਹੈ ਇਸ ਲਈ ਕਾਫ਼ੀ ਕੰਮ ਕਰਨਾ ਪਵੇਗਾ। ਸੰਸਦਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਬਾਸ ਨੇ ਕਿਹਾ ਕਿ ਅਮਰੀਕਾ ਕੋਲ ਜੇਕਰ ਪਾਕਿਸਤਾਨ, ਉਸ ਦੇ ਗੁਆਂਢੀਆਂ ਅਤੇ ਵਪਾਰਕ ਖੇਤਰ 'ਚ ਮਹੱਤਵਪੂਰਨ ਦੇਸ਼ਾਂ ਦਾ ਸਮਰਥਨ ਅਤੇ ਸਹਿਯੋਗ ਨਹੀਂ ਹੋਵੇਗਾ ਤਾਂ ਉਹ ਕਾਮਯਾਬ ਨਹੀਂ ਹੋ ਸਕੇਗਾ। (ਏਜੰਸੀ)