ਅਫ਼ਗ਼ਾਨਿਸਤਾਨ 'ਚ ਬੰਬ ਧਮਾਕਾ, 63 ਮੌਤਾਂ

ਖ਼ਬਰਾਂ, ਕੌਮਾਂਤਰੀ

ਕਾਬੁਲ, 27 ਜਨਵਰੀ : ਕਾਬੁਲ ਦੇ ਭੀੜ-ਭੜੱਕੇ ਵਾਲੇ ਇਲਾਕੇ 'ਚ ਸਨਿਚਰਵਾਰ ਨੂੰ ਬੰਬਾਂ ਨਾਲ ਭਰੀ ਇਕ ਐਂਬੂਲੈਂਸ 'ਚ ਧਮਾਕੇ ਮਗਰੋਂ 63 ਲੋਕਾਂ ਦੀ ਮੌਤ ਹੋ ਗਈ ਅਤੇ 151 ਲੋਕ ਜ਼ਖ਼ਮੀ ਹੋ ਗਏ। ਅਫ਼ਗ਼ਾਨਿਸਤਾਨ 'ਚ ਇਸ ਸਾਲ ਦਾ ਇਹ ਸੱਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ।ਅਫ਼ਗ਼ਾਨ ਮੀਡੀਆ ਮੁਤਾਬਕ ਕਾਬੁਲ ਸ਼ਹਿਰ 'ਚ ਸਾਦਾਰਤ ਚੌਕ ਵਿਚ ਗ੍ਰਹਿ ਮੰਤਰਾਲਾ ਦੀ ਪੁਰਾਣੀ ਇਮਾਰਤ ਦੇ ਦਰਵਾਜ਼ੇ 'ਤੇ ਇਕ ਕਾਰ ਬੰਬ ਧਮਾਕੇ 'ਚ 151 ਲੋਕ ਵੀ ਜ਼ਖ਼ਮੀ ਹੋਏ ਹਨ। ਸਾਰੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਤਿਵਾਦੀ ਸੰਗਠਨ ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।ਕਾਬੁਲ 'ਚ ਇਹ ਧਮਾਕਾ ਦੁਪਹਿਰ 1 ਵਜੇ ਹੋਇਆ। ਪਿਛਲੇ ਇਕ ਹਫ਼ਤੇ ਤੋਂ ਬਾਅਦ ਅਫ਼ਗ਼ਾਨਿਸਤਾਨ 'ਚ ਇਹ ਦੂਜਾ ਵੱਡਾ ਅਤਿਵਾਦੀ ਹਮਲਾ ਹੈ। ਅਫ਼ਗ਼ਾਨ ਸਿਹਤ ਮੰਤਰਾਲਾ ਅਨੁਸਾਰ ਇਸ ਹਮਲੇ 'ਚ 151 ਲੋਕ ਜ਼ਖ਼ਮੀ ਹੋਏ ਹਨ। ਅਫ਼ਗ਼ਾਨ ਗ੍ਰਹਿ ਮੰਤਰਾਲਾ ਦੇ ਬੁਲਾਰੇ ਨਸਰਤ ਰਹੀਮੀ ਅਨੁਸਾਰ ਐਂਬੂਲੈਂਸ ਵਿਚ ਸਵਾਰ ਅਤਿਵਾਦੀਆਂ ਨੇ ਇਕ ਚੈਕ ਪੋਸਟ 'ਤੇ ਪੁਲਿਸ ਨੂੰ ਦਸਿਆ ਕਿ ਉਹ ਇਕ ਮਰੀਜ਼ ਨੂੰ ਲੈ ਕੇ ਨਜ਼ਦੀਕੀ ਹਸਪਤਾਲ ਜਾ ਰਹੇ ਹਨ। ਇਸ ਤੋਂ ਬਾਅਦ ਦੂਜੇ ਚੈਕ ਪੋਸਟ 'ਤੇ ਉਨ੍ਹਾਂ ਨੇ ਐਂਬੂਲੈਂਸ ਵਿਚ ਰੱਖੇ ਬੰਬ ਰਾਹੀਂ ਧਮਾਕਾ ਕਰ ਦਿਤਾ।