ਅਫ਼ਗ਼ਾਨਿਸਤਾਨ ਦੇ 70 ਫ਼ੀ ਸਦੀ ਹਿੱਸੇ 'ਚ ਤਾਲਿਬਾਨ ਸਰਗਰਮ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ, 31 ਜਨਵਰੀ : ਅਫ਼ਗ਼ਾਨਿਸਤਾਨ 'ਚ ਅਮਰੀਕੀ ਅਗਵਾਈ ਵਾਲੇ ਨਾਟੋ ਗਠਜੋੜ ਦੀ ਫ਼ੌਜੀ ਮੁਹਿੰਮ ਦੇ ਬਾਵਜੂਦ ਤਾਲਿਬਾਨ ਦਾ ਦਾਇਰਾ ਵਧਦਾ ਜਾ ਰਿਹਾ ਹੈ। ਇਕ ਨਵੀਂ ਰੀਪੋਰਟ 'ਚ ਸਾਹਮਣੇ ਆਇਆ ਹੈ ਕਿ ਇਹ ਅਤਿਵਾਦੀ ਸੰਗਠਨ ਯੁੱਧ ਪ੍ਰਭਾਵਤ ਇਸ ਦੇਸ਼ ਦੇ ਲਗਭਗ 70 ਫ਼ੀ ਸਦੀ ਹਿੱਸੇ 'ਚ ਸਰਗਰਮ ਹੈ। ਇਸ 'ਚ ਹਾਲਾਂਕਿ ਸਿਰਫ਼ 4 ਫ਼ੀ ਸਦੀ ਇਲਾਕਾ ਹੀ ਪੂਰੀ ਤਰ੍ਹਾਂ ਉਸ ਦੇ ਕਬਜ਼ੇ 'ਚ ਹੈ। ਅਤਿਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਦੀ ਮੌਜੂਦਗੀ ਵੀ ਦੇਸ਼ ਦੇ 30 ਜ਼ਿਲ੍ਹਿਆਂ 'ਚ ਪਾਈ ਗਈ ਹੈ, ਪਰ ਇਸ ਵਿਚ ਕੋਈ ਵੀ ਜ਼ਿਲ੍ਹਾ ਪੂਰੀ ਤਰ੍ਹਾਂ ਉਸ ਦੇ ਕਬਜ਼ੇ 'ਚ ਨਹੀਂ ਹੈ।ਇਕ ਨਿਊਜ਼ ਏਜੰਸੀ ਵਲੋਂ ਕੀਤਾ ਗਿਆ ਇਹ ਅਧਿਐਨ ਅਫ਼ਗ਼ਾਨਿਸਤਾਨ ਦੇ ਸਾਰੇ ਜ਼ਿਲ੍ਹਿਆਂ 'ਚ 1200 ਤੋਂ ਵੱਧ ਲੋਕਾਂ ਨਾਲ ਕੀਤੀ 

ਗਈ ਗੱਲਬਾਤ 'ਤੇ ਆਧਾਰਤ ਸੀ। ਇਸ ਰੀਪੋਰਟ 'ਚ ਨਾਟੋ ਦੇ ਅੰਦਾਜ਼ੇ ਤੋਂ ਵੱਧ ਇਲਾਕੇ 'ਚ ਤਾਲਿਬਾਨ ਦੀ ਮੌਜੂਦਗੀ ਪਾਈ ਗਈ ਹੈ। ਨਾਟੋ ਨੇ ਮੰਗਲਵਾਰ ਨੂੰ ਕਿਹਾ ਕਿ ਅਕਤੂਬਰ 2017 ਤਕ ਅਫ਼ਗ਼ਾਨਿਸਤਾਨ ਦੇ 407 ਜ਼ਿਲ੍ਹਿਆਂ 'ਚੋਂ ਸਿਰਫ਼ 44 ਫ਼ੀ ਸਦੀ ਹੀ ਤਾਲਿਬਾਨ ਦੇ ਪ੍ਰਭਾਵ ਜਾਂ ਕਬਜ਼ੇ 'ਚ ਹਨ।ਰੀਪੋਰਟ ਅਨੁਸਾਰ ਅਫ਼ਗ਼ਾਨ ਸਰਕਾਰ ਦਾ 122 ਜ਼ਿਲ੍ਹਿਆਂ ਜਾਂ ਦੇਸ਼ ਦੇ ਲਗਭਗ 30 ਫ਼ੀ ਸਦੀ ਹਿੱਸੇ 'ਤੇ ਕਬਜ਼ਾ ਹੈ। ਇਸ ਦਾ ਸੱਭ ਤੋਂ ਵੱਡਾ ਉਦਾਹਰਣ ਹੈ ਕਿ ਕਾਬੁਲ ਅਤੇ ਦੂਜੇ ਕਈ ਵੱਡੇ ਸ਼ਹਿਰ ਅਤਿਵਾਦੀ ਹਮਲਿਆਂ ਤੋਂ ਪ੍ਰਭਾਵਤ ਹਨ। ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਬੀਤੀ 20 ਜਨਵਰੀ ਨੂੰ ਕਾਬੁਲ ਦੇ ਇੰਟਰਕੋਂਟੀਨੈਂਟਲ ਹੋਟਲ ਨੂੰ ਨਿਸ਼ਾਨਾ ਬਣਾਇਆ ਸੀ। ਇਸ 'ਚ 25 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ 27 ਜਨਵਰੀ ਨੂੰ ਸ਼ਹਿਰ 'ਤੇ ਆਤਮਘਾਤੀ ਹਮਲਾ ਕੀਤਾ ਸੀ। ਇਸ 'ਚ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ।