ਐਚ1ਬੀ ਵੀਜ਼ਾ ਦੀ ਗ਼ਲਤ ਵਰਤੋਂ ਰੋਕੇ ਸਰਕਾਰ: ਖੰਨਾ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ, 15 ਸਤੰਬਰ : ਭਾਰਤੀ ਮੂਲ ਦੇ ਇਕ ਚੋਟੀ ਦੇ ਅਮਰੀਕੀ ਸੰਸਦ ਮੈਂਬਰ ਨੇ ਕਿਹਾ ਕਿ ਅਮਰੀਕੀ ਸੰਸਦ ਮੈਂਬਰ ਇਹ ਯਕੀਨੀ ਕਰਨ ਕਿ ਭਾਰਤੀ ਪੇਸ਼ੇਵਰਾਂ 'ਚ ਪ੍ਰਸਿਧ ਐਚ1ਬੀ ਵੀਜ਼ਾ ਪ੍ਰੋਗਰਾਮ ਦੀ ਦੁਵਰਤੋਂ ਅਮਰੀਕਾ ਵਿਚ ਨੌਕਰੀਆਂ 'ਚ ਕਟੌਤੀ ਲਿਆਉਣ ਅਤੇ ਸੱਭ ਤੋਂ ਚੰਗੇ ਅਤੇ ਹੁਨਰਮੰਦ ਵਿਅਕਤੀ ਨੂੰ ਦੇਸ਼ ਵਿਚ ਆਉਣ ਤੋਂ ਨਾ ਰੋਕਿਆ ਜਾਵੇ।
ਅਮਰੀਕੀ ਥਿੰਕ ਟੈਂਕ ਸਾਊਥ ਏਸ਼ੀਆ ਆਫ਼ ਅਟਲਾਂਟਿਕ ਕਾਊਂਸਲ ਵਲੋਂ ਆਯੋਜਤ ਇਕ ਪ੍ਰੋਗਰਾਮ 'ਚ ਬੋਲਦਿਆਂ ਰੋ ਖੰਨਾ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਐਚ1ਬੀ ਵੀਜ਼ਾ ਗੈਰ-ਪ੍ਰਵਾਸੀਆਂ ਨੂੰ ਦਿਤਾ ਜਾਣ ਵਾਲਾ ਵੀਜ਼ਾ ਹੈ, ਜਿਸ ਤਹਿਤ ਅਮਰੀਕੀ ਕੰਪਨੀਆਂ ਖਾਸ ਤੌਰ 'ਤੇ ਪੇਸ਼ੇ ਵਿਚ ਵਿਦੇਸ਼ੀ ਮੁਲਾਜ਼ਮਾਂ ਨੂੰ ਨੌਕਰੀ 'ਤੇ ਰੱਖ ਸਕਦੀ ਹੈ। ਇਸ ਵੀਜ਼ੇ ਦਾ ਜ਼ਿਆਦਾਤਰ ਲਾਭ ਭਾਰਤੀ ਆਈ.ਟੀ. ਪੇਸ਼ੇਵਰ ਉਠਾਉਂਦੇ ਹਨ।
ਪ੍ਰਤੀਨਿਧੀ ਸਭਾ 'ਚ ਸਿਲੀਕਾਨ ਵੈਲੀ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਰੋ ਖੰਨਾ ਨੇ ਦਸਿਆ, ''ਐਚ1ਬੀ ਵੀਜ਼ਾ 'ਤੇ ਆਉਣ ਵਾਲੇ ਕਈ ਲੋਕ ਹਨ, ਜੋ ਹੁਣ ਵੱਡੀਆਂ ਤਕਨੀਕੀ ਕੰਪਨੀਆਂ ਦੀ ਅਗਵਾਈ ਕਰ ਰਹੇ ਹਨ। ਉਹ ਨੌਕਰੀਆਂ ਪੈਦਾ ਕਰ ਰਹੇ ਹਨ ਅਤੇ ਨਵੀਂ ਖੋਜ ਕਰ ਰਹੇ ਹਨ। ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਹੁਨਰਮੰਦ ਲੋਕ ਅਮਰੀਕਾ ਆਉਣ, ਕਿਉਂ ਕਿ ਜਦੋਂ ਤੁਸੀਂ ਅਧਿਐਨਾਂ 'ਤੇ ਧਿਆਨ ਦਿੰਦੇ ਹੋ ਤਾਂ ਅਸੀਂ ਜਾਣਦੇ ਹਾਂ ਕਿ ਜ਼ਿਆਦਾਤਰ ਐਚ1ਬੀ ਵੀਜ਼ਾ ਧਾਰਕ ਨੌਕਰੀਆਂ ਪੈਦਾ ਕਰ ਰਹੇ ਹੁੰਦੇ ਹਨ। ਇਸ ਸਬੰਧੀ ਅਮਰੀਕੀ ਕਾਂਗਰਸ ਦੀ ਪ੍ਰਤੀਨਿਧੀ ਸਭਾ ਅਤੇ ਸੈਨੇਟ 'ਚ ਕਈ ਪ੍ਰਸਤਾਵਿਤ ਬਿਲ ਲੰਬਿਤ ਪਏ ਹੋਏ ਹਨ। ਖੰਨਾ ਨੇ ਖੁਦ ਇਨ੍ਹਾਂ 'ਚੋਂ ਇਕ ਬਿਲ ਦਾ ਪ੍ਰਸਤਾਵ ਰਖਿਆ ਹੈ।
ਖੰਨਾ ਨੇ ਦਸਿਆ ਕਿ ਇਸ ਦਾ ਸਾਰ ਇਹ ਹੈ ਕਿ ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਹੁਨਰਮੰਦ ਲੋਕ ਆਉਂਦੇ ਰਹਿਣ ਅਤੇ ਐਚ1ਬੀ ਵੀਜ਼ਾ ਧਾਰਕਾਂ ਨੂੰ ਗ਼ਲਤ ਨਾ ਸਮਿਝਆ ਜਾਵੇ। ਉਹ ਇਸ ਨੂੰ ਅਜਿਹਾ ਪ੍ਰੋਗਰਾਮ ਮੰਨਦੇ ਹਨ, ਜਿਸ ਨਾਲ ਅਮਰੀਕਾ 'ਚ ਨੌਕਰੀਆਂ ਪੈਦਾ ਕਰਨ ਲਈ ਇਥੇ ਸਭ ਤੋਂ ਚੰਗੇ ਅਤੇ ਹੁਨਰਮੰਦ ਵਿਅਕਤੀ ਦੇ ਆਉਣ 'ਚ ਮਦਦ ਮਿਲੇ। (ਪੀਟੀਆਈ)