ਐਲਬਰਟਾ 'ਚ ਹਵਾਈ ਜਹਾਜ਼ ਹਾਦਸਾਗ੍ਰਸਤ, 2 ਲੋਕਾਂ ਦੀ ਮੌਤ

ਖ਼ਬਰਾਂ, ਕੌਮਾਂਤਰੀ

ਕੈਲਗਰੀ: ਐਲਬਰਟਾ 'ਚ ਸਿਖਲਾਈ ਦੇਣ ਵਾਲੇ ਇੱਕ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਇਸ 'ਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਚੋਂ ਇੱਕ ਇੰਸਟ੍ਰਕਟਰ ਸੀ ਜਦਕਿ ਦੂਜਾ ਜਹਾਜ਼ ਉਡਾਉਣ ਦੀ ਸਿਖਲਾਈ ਲੈ ਰਿਹਾ ਸੀ। ਸਪ੍ਰਿੰਗਬੈਂਕ ਏਅਰ ਟ੍ਰੇਨਿੰਗ ਕਾਲਜ ਨਾਲ ਸਬੰਧਤ ਇਸ ਜਹਾਜ਼ 'ਚ ਸਵਾਰ ਇੰਸਟ੍ਰਕਟਰ ਅਤੇ ਵਿਦਿਆਰਥੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ। 

ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਜੌਨ ਲੀ ਨੇ ਕਿਹਾ ਕਿ ਹਵਾਈ ਜਹਾਜ਼ ਨੇ ਹਾਲੇ ਉਡਾਣ ਭਰੀ ਹੀ ਸੀ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹਵਾਈ ਅੱਡੇ ਤੋਂ ਸਿਰਫ ਇੱਕ ਕਿਲੋਮੀਟਰ ਦੀ ਦੂਰੀ 'ਤੇ ਜਹਾਜ਼ ਦਾ ਮਲਬਾ ਮਿਲਿਆ। ਆਰ.ਸੀ.ਐੱਮ.ਪੀ. ਅਤੇ ਟ੍ਰਾਂਸਪੋਰਟ ਕੈਨੇਡਾ ਦੇ ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਕੈਲਗਰੀ ਐਮਰਜੰਸੀ ਸੇਵਾਵਾਂ ਦੇ ਬੁਲਾਰੇ ਟੂਅਰਟ ਬ੍ਰਿਡੌਕਸਸ ਨੇ ਹਾਦਸੇ ਵਾਲੀ ਥਾਂ ਤੋਂ ਦੋ ਜਣਿਆਂ ਦੀਆਂ ਲਾਸ਼ਾਂ ਮਿਲਣ ਦੀ ਪੁਸ਼ਟੀ ਕੀਤੀ। 

ਸਪ੍ਰਿੰਗਬੈਂਕ ਏਅਰ ਟ੍ਰੇਨਿੰਗ ਕਾਲਜ ਦੇ ਮੁਖੀ ਜੇਮ ਹੈਪਨਰ ਨੇ ਕਿਹਾ ਕਿ ਮੈਨੂੰ ਬੇਹੱਦ ਅਫਸੋਸ ਨਾਲ ਇਸ ਦੁਖਦ ਹਾਦਸੇ ਬਾਰੇ ਸੂਚਨਾ ਦੇਣੀ ਪੈ ਰਹੀ ਹੈ। ਹਾਦਸੇ 'ਚ ਮਾਰੇ ਗਏ ਦੋਹਾਂ ਵਿਅਕਤੀਆਂ ਦੇ ਪਰਿਵਾਰਾਂ ਨਾਲ ਮੈਂ ਦੁੱਖ ਸਾਂਝਾ ਕਰਦਾ ਹਾਂ ਤੇ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ 'ਚ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।