ਸਰੀਂ: ਅੱਜਕੱਲ੍ਹ ਰਿਸ਼ਤਿਆਂ ਵਿਚ ਇੰਨੀ ਜ਼ਿਆਦਾ ਨਫ਼ਰਤ ਵਧਦੀ ਜਾ ਰਹੀ ਹੈ ਕਿ ਹਰ ਕੋਈ ਪੈਸੇ ਦਾ ਪੁੱਤ ਬਣਦਾ ਜਾ ਰਿਹਾ ਹੈ, ਜ਼ਮੀਨ ਜਾਇਦਾਦ ਅਤੇ ਪੈਸੇ ਦੇ ਲਾਲਚ 'ਚ ਕਦੋਂ ਖ਼ੂਨ ਦਾ ਪਾਣੀ ਬਣ ਜਾਵੇ ਇਹ ਪਤਾ ਨਹੀਂ ਚਲਦਾ। ਅਜਿਹਾ ਹੀ ਦਰਦ ਕੈਨੇਡਾ ਦੇ ਸ਼ਹਿਰ ਸਰੀਂ ਵਿਚ ਰਹਿਣ ਵਾਲੇ ਐੱਨਆਰਆਈ ਰਾਜਵਿੰਦਰ ਸਿੰਘ ਮਾਨ ਨੇ ਬਿਆਨ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਵੀ ਆਪਣਿਆਂ ਵੱਲੋਂ ਕੀਤੀ ਗਈ ਠੱਗੀ ਦਾ ਸ਼ਿਕਾਰ ਹੋਇਆ ਹੈ, ਜਿਸ ਨੇ ਉਸ ਨੂੰ ਕਾਫ਼ੀ ਦੁੱਖ ਪਹੁੰਚਾਇਆ ਹੈ।
ਪਿਛਲੇ ਕਰੀਬ 30 ਸਾਲ ਤੋਂ ਕੈਨੇਡਾ ਦੇ ਸਰੀਂ ਸ਼ਹਿਰ ਵਿਚ ਰਹਿ ਰਹੇ ਰਾਜਵਿੰਦਰ ਸਿੰਘ ਮਾਨ ਕੈਨੇਡੀਅਨ ਸਿਟੀਜ਼ਨ ਹਨ, ਉਹ ਇੱਥੇ ਘਰਾਂ ਦੀ ਕੰਸਟਰੱਕਸ਼ਨ ਦਾ ਕੰਮ ਕਰ ਰਹੇ ਹਨ। ਮਾਨ ਨੇ ਆਪਣੇ ਨਾਲ ਹੋਈ ਧੋਖੇਬਾਜ਼ੀ ਬਾਰੇ ਦੱਸਦਿਆਂ ਕਿਹਾ ਕਿ ਭਾਵੇਂ ਪੰਜਾਬ ਵਿਚ ਸਰਕਾਰਾਂ ਐੱਨਆਰਆਈਜ਼ ਦੀਆਂ ਜਾਇਦਾਦਾਂ ਦੀ ਰਖਵਾਲੀ ਕਰਨ ਦੀ ਗਰੰਟੀ ਦਿੰਦੀਆਂ ਹਨ ਪਰ ਅਸਲ ਹਕੀਕਤ ਕੁਝ ਹੋਰ ਹੀ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਸਕੇ ਭਰਾ ਹਰਿੰਦਰ ਸਿੰਘ ਮਾਨ ਉਰਫ ਕਿੱਟੂ ਮਾਨ 'ਤੇ ਵਿਸ਼ਵਾਸ ਕਰ ਕੇ ਉਸਨੂੰ ‘ਪਾਵਰ ਆਫ ਅਟਾਰਨੀ’ ਦਿੱਤੀ ਹੋਈ ਸੀ ਪਰ ਉਸਨੇ ਉਸ ਦਾ ਨਾਜਾਇਜ਼ ਫਾਇਦਾ ਉਠਾ ਕੇ ਉਸ ਨੂੰ ਧੋਖੇ ਵਿਚ ਰੱਖਿਆ।