ਜਗਰਾਓਂ: ਅਮਰੀਕਾ ਦੇ ਨਿਊਜਰਸੀ ਵਿਖੇ ਪਰਿਵਾਰ ਸਮੇਤ ਰਹਿੰਦੇ ਇਕ ਐੱਨ. ਆਰ. ਆਈ. ਨੂੰ ਪੁਲਿਸ ਨੇ 2 ਕਿਲੋ ਹੈਰੋਇਨ ਤੇ ਨਵੀਂ ਬਰੇਜ਼ਾ ਕਾਰ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਕੋਲੋਂ 2 ਹੋਰਨਾਂ ਵਿਅਕਤੀਆਂ ਦੇ ਪਾਸਪੋਰਟ ਤੇ ਏਅਰ ਟਿਕਟਾਂ ਵੀ ਮਿਲੀਆਂ ਹਨ, ਜਿਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਣ ਲਈ ਏਜੰਟ ਵਜੋਂ ਵੀ ਕੰਮ ਕਰਦਾ ਸੀ। ਇਥੇ ਸੱਦੀ ਪ੍ਰੈੱਸ ਕਾਨਫਰੰਸ 'ਚ ਪੁਲਸ ਜ਼ਿਲਾ ਲੁਧਿਆਣਾ (ਦਿਹਾਤੀ) ਦੇ ਐੱਸ. ਐੱਸ. ਪੀ. ਸੁਰਜੀਤ ਸਿੰਘ ਆਈ. ਪੀ. ਐਸ. ਨੇ ਪ੍ਰਵਾਸੀ ਪੰਜਾਬੀ ਨੂੰ ਗ੍ਰਿਫਤਾਰ ਕਰਨ ਦੇ ਨਾਲ ਜੰਮੂ ਐਂਡ ਕਸ਼ਮੀਰ ਦੇ ਰਸਤੇ ਤੋਂ ਪੰਜਾਬ ਨੂੰ ਹੁੰਦੀ ਡਰੱਗ ਦੀ ਸਪਲਾਈ ਲਾਈਨ ਤੋੜਨ ਦਾ ਦਾਅਵਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਅਮਰਜੀਤ ਸਿੰਘ ਵਜੋਂ ਹੋਈ ਹੈ, ਜੋ ਮੂਲ ਰੂਪ 'ਚ ਮੁਕੰਦਪੁਰ ਦਾ ਰਹਿਣ ਵਾਲਾ ਹੈ ਪਰ ਪਿਛਲੇ 20 ਸਾਲਾਂ ਤੋਂ ਨਿਊਜਰਸੀ (ਅਮਰੀਕਾ) ਵਿਖੇ ਪਰਿਵਾਰ ਸਮੇਤ ਰਹਿ ਰਿਹਾ ਹੈ। ਪੁਲਸ ਅਨੁਸਾਰ ਕਾਬੂ ਕੀਤਾ ਪ੍ਰਵਾਸੀ ਪੰਜਾਬੀ 6 ਵਾਰ ਇਕ ਤੋਂ ਦੋ ਕਿਲੋ ਤੱਕ ਹੈਰੋਇਨ ਸਪਲਾਈ ਕਰ ਚੁੱਕਾ ਹੈ। ਉਸ ਨੂੰ 5 ਵਾਰ ਪੰਜਾਬ 'ਚੋਂ ਡਲਿਵਰੀ ਹੋਈ, ਜਦਕਿ ਇਕ ਵਾਰ ਉਹ ਖੁਦ ਜੰਮੂ-ਕਸ਼ਮੀਰ ਤੋਂ ਹੈਰੋਇਨ ਲੈ ਕੇ ਆਇਆ।
ਇਸ ਸਮੇਂ ਐੱਸ.ਪੀ. (ਡੀ) ਰੁਪਿੰਦਰ ਭਾਰਦਵਾਜ, ਡੀ.ਐੱਸ.ਪੀ. ਕੰਵਰਪਾਲ ਸਿੰਘ ਬਾਜਵਾ, ਸੀ.ਆਈ.ਏ. ਇੰਚਰਾਜ ਲਖਵੀਰ ਸਿੰਘ ਸੰਧੂ ਵੀ ਮੌਜੂਦ ਸਨ। ਇਕ ਹੋਰ ਜਾਣਕਾਰੀ ਮਿਲੀ ਹੈ ਕਿ ਬੇਟ ਇਲਾਕੇ 'ਚ ਸਤਲੁਜ ਦਰਿਆ ਨੇੜਿਓਂ ਪੁਲਸ ਨੇ ਪਰਾਲੀ ਹੇਠ ਲੁਕਾ ਕੇ ਰੱਖੇ ਚੋਰੀ ਦੇ 2 ਦਰਜਨ ਮੋਟਰ ਸਾਈਕਲ ਫੜੇ ਹਨ। ਸੰਭਵ ਹੈ ਇਕ ਭਲਕੇ ਲਗਾਤਾਰ ਤੀਸਰੇ ਦਿਨ ਤੀਸਰੀ ਪ੍ਰੈੱਸ ਕਾਨਫਰੰਸ 'ਚ ਇਸੇ ਦਾ ਖੁਲਾਸਾ ਕੀਤਾ ਜਾਵੇ।